ਘੱਗਰ ਦਰਿਆ ਦੇ ਬੰਨ੍ਹ ਨੂੰ ਲੱਗੇ ਖੋਰੇ ਨੂੰ ਤੁਰੰਤ ਪੂਰਨ ਦੀ ਮੰਗ
ਪਿਛਲੇ ਦਿਨੀਂ ਘੱਗਰ ਦਰਿਆ ਵਿੱਚ ਆਏ ਬਹੁਤਾਤ ਪਾਣੀ ਕਾਰਨ ਨੇੜਲੇ ਪਿੰਡ ਕਨੌੜ ਦੇ ਕਿਸਾਨਾਂ ਦੀ ਜ਼ਮੀਨ ਨੇੜਿਓਂ ਲੰਘਦੇ ਦਰਿਆ ਦੇ ਬੰਨ੍ਹ ਨੂੰ ਪਾਣੀ ਨੇ ਕਾਫ਼ੀ ਖੋਰਾ ਲਗਾ ਦਿੱਤਾ ਹੈ। ਕਿਸਾਨਾਂ ਨੇ ਨੁਕਸਾਨੇ ਗਏ ਬੰਨ੍ਹ ਨੂੰ ਤੁਰੰਤ ਪੂਰਨ ਦੀ ਮੰਗ ਕੀਤੀ ਹੈ।
ਘੱਗਰ ਦਰਿਆ ਦੇ ਨੁਕਸਾਨੇ ਗਏ ਬੰਨ ਨੂੰ ਦਿਖਾਉਂਦੇ ਹੋਏ ਕਿਸਾਨ ਆਗੂ ਸਰਪੰਚ ਲਖਵਿੰਦਰ ਸਿੰਘ ਕਰਾਲਾ, ਧਰਮਵੀਰ ਸੈਲੀ ਝਿਊਰ ਮਾਜਰਾ ਸਾਬਕਾ ਸਰਪੰਚ, ਕੁਲਬੀਰ ਸਿੰਘ ਕਰਾਲਾ ਅਤੇ ਸਤੀਸ ਕੁਮਾਰ ਡੱਲਾ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ ਆਏ ਭਾਰੀ ਮਾਤਰਾ ਵਿੱਚ ਪਾਣੀ ਕਾਰਨ ਕਨੌੜ ਨੇੜੇ ਦਰਿਆ ਦਾ ਬੰਨ੍ਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੁਕਸਾਨੇ ਗਏ ਬੰਨ ਨੂੰ ਠੀਕ ਕਰਵਾਉਣ ਲਈ ਮਾਇਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ, ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਕਿਸਾਨਾਂ ਨੇ ਦੱਸਿਆ ਕਿ ਜੇ ਘੱਗਰ ਦਰਿਆ ਵਿੱਚ ਦੁਬਾਰਾ ਪਾਣੀ ਆਇਆ ਤਾਂ ਇਸ ਬੰਨ੍ਹ ਵਿਚ ਪਾੜ ਪੈ ਸਕਦਾ ਹੈ, ਜਿਸ ਕਾਰਨ ਜਿੱਥੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋਵੇਗੀ ਉਥੇ ਹੀ ਪਿੰਡਾਂ ਦੇ ਵਸਨੀਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਜਲਦੀ ਤੋਂ ਜਲਦੀ ਨੁਕਸਾਨੇ ਗਏ ਬੰਨ ਨੂੰ ਠੀਕ ਕਰਾਉਣ ਦੀ ਮੰਗ ਕੀਤੀ ਤਾਂ ਜੋ ਕਿਸੇ ਵੱਡੇ ਨੁਕਸਾਨ ਤੋਂ ਇਲਾਕੇ ਦੇ ਵਸਨੀਕਾਂ ਨੂੰ ਬਚਾਇਆ ਜਾ ਸਕੇ।