ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਪਿਛਲੇ ਸਾਲ ਚੰਡੀਗੜ੍ਹ ਦੇ ਦੋ ਕਲੱਬਾਂ, ਜਿਨ੍ਹਾਂ ਵਿਚੋਂ ਇਕ ਰੈਪਰ ਬਾਦਸ਼ਾਹ ਦਾ ਸੀ, ’ਤੇ ਬੰਬ ਸੁੱਟ ਕੇ ਕੀਤੇ ਧਮਾਕੇ ਦੇ ਮਾਮਲੇ ਵਿਚ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਮੁਲਜ਼ਮ ਦੀਪਕ ਵਾਸੀ ਫ਼ਰੀਦਕੋਟ ਨੂੰ ਦਿੱਲੀ ਤੋਂ ਕਾਬੂ ਕੀਤਾ ਗਿਆ ਹੈ। ਪਿਛਲੇ ਸਾਲ 27 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 26 ਵਿੱਚ ਦੋ ਕਲੱਬਾਂ -ਸੈਵਿਲੇ ਬਾਰ ਐਂਡ ਲੌਜ ਅਤੇ ਡੀ ਓਰਾ ਕਲੱਬ- ਦੇ ਬਾਹਰ ਦੋ ਧਮਾਕੇ ਹੋਏ ਸਨ। ਸੈਵਿਲੇ ਬਾਰ ਐਂਡ ਲੌਂਜ ਰੈਪਰ ਬਾਦਸ਼ਾਹ ਦੀ ਮਲਕੀਅਤ ਹੈ। ਬੰਬ ਧਮਾਕਿਆਂ ਨੇ ਕਲੱਬ ਦੀਆਂ ਸ਼ੀਸ਼ੇ ਦੀਆਂ ਖਿੜਕੀਆਂ ਨੂੰ ਤੋੜ ਦਿੱਤਾ, ਪਰ ਕਿਸੇ ਜਾਨੀ ਨੁਕਸਾਨ ਤੋੋਂ ਬਚਾਅ ਰਿਹਾ।ਦੀਪਕ ਕਥਿਤ ਤੌਰ ’ਤੇ ਕੈਨੇਡਾ ਬੈਠੇ ਗੋਲਡੀ ਬਰਾੜ ਦੇ ਲਗਾਤਾਰ ਸੰਪਰਕ ਵਿੱਚ ਸੀ, ਜਿਸ ਨੇ ਘਟਨਾ ਤੋਂ ਕੁਝ ਘੰਟਿਆਂ ਬਾਅਦ, ਇੱਕ ਕਥਿਤ ਸੋਸ਼ਲ ਮੀਡੀਆ ਪੋਸਟ ਵਿੱਚ ਧਮਾਕਿਆਂ ਦੀ ਜ਼ਿੰਮੇਵਾਰੀ ਲਈ। ਇਸ ਵਿੱਚ ਇੱਕ ਹੋਰ ਗੈਂਗਸਟਰ ਦੀ ਸ਼ਮੂਲੀਅਤ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇਹ ਵੀ ਕਿਹਾ ਗਿਆ ਸੀ ਕਿ ਇਹ ਹਮਲਾ ਬਰਾੜ ਦੇ ਇਸ਼ਾਰੇ ’ਤੇ ਪਲਾਨ ਕੀਤਾ ਗਿਆ ਸੀ।ਜਾਂਚ ਦੌਰਾਨ ਪੁਲੀਸ ਨੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਜਿਸ ਵਿੱਚ ਇੱਕ ਵਿਅਕਤੀ ਭੱਜਣ ਤੋਂ ਪਹਿਲਾਂ ਕਲੱਬਾਂ ’ਤੇ ਦੇਸੀ ਬੰਬ ਸੁੱਟਦਾ ਦਿਖਾਈ ਦੇ ਰਿਹਾ ਸੀ। ਪਿਛਲੇ ਸਾਲ ਨਵੰਬਰ ਵਿੱਚ ਚੰਡੀਗੜ੍ਹ ਪੁਲੀਸ ਅਤੇ ਹਰਿਆਣਾ ਸਪੈਸ਼ਲ ਟਾਸਕ ਫੋਰਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਮੁਕਾਬਲੇ ਤੋਂ ਬਾਅਦ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਕਾਬਲੇ ਦੌਰਾਨ ਦੋਵਾਂ ਨੂੰ ਲੱਤਾਂ ਵਿੱਚ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸੂਤਰ ਨੇ ਕਿਹਾ ਕਿ ਮੁਲਜ਼ਮ ਦੀਪਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।