ਵਫ਼ਦ ਵੱਲੋਂ ਡਿਪਟੀ ਡਾਇਰੈਕਟਰ ਨਾਲ ਮੁਲਾਕਾਤ
ਪੱਤਰ ਪ੍ਰੇਰਕ
ਚੰਡੀਗੜ੍ਹ, 26 ਜੂਨ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਅੱਜ ਸ਼ਿੰਦਰ ਪਾਲ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਫ਼ਤਰ ਵਿੱਚ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ।
ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਵਫ਼ਦ ਵੱਲੋਂ ਮੁੱਦਾ ਚੁੱਕਿਆ ਗਿਆ ਕਿ ਪਿਛਲੇ ਸਮੇਂ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਦੇ ਬਾਲ ਵਿਕਾਸ ਨਾਲ ਵੀ ਮੁਲਾਕਾਤ ਕਰ ਕੇ ਦੱਸਿਆ ਗਿਆ ਸੀ ਕਿ ਨਵੀਆਂ ਹਦਾਇਤਾਂ ਮੁਤਾਬਕ ਵਰਕਰ ਦੀ ਯੋਗਤਾ ਗ੍ਰੈਜੂਏਟ ਕਰ ਦਿੱਤੀ ਗਈ ਹੈ ਪਰ ਇਸ ਵਿੱਚ ਹੈਲਪਰ ਦੀ ਪ੍ਰਮੋਸ਼ਨ ਵਿੱਚ ਵੀ ਗ੍ਰੈਜੂਏਸ਼ਨ ਦੀ ਸ਼ਰਤ ਲਗਾਈ ਗਈ ਹੈ ਜਿਸ ਨੂੰ ਜਥੇਬੰਦੀ ਨਾ ਮਨਜ਼ੂਰ ਕਰਦੀ ਹੈ। ਜਥੇਬੰਦੀ ਨੇ ਮੰਗ ਕੀਤੀ ਸੀ ਕਿ ਹੈਲਪਰ ਨੂੰ ਤਜਰਬੇ ਦੇ ਹਿਸਾਬ ਨਾਲ ਮੈਟ੍ਰਿਕ ਹੈਲਪਰ ਨੂੰ ਵਰਕਰ ਬਣਨ ਲਈ ਪਹਿਲ ਦਿੱਤੀ ਜਾਵੇ। ਅੱਜ ਵੀ ਇਹੋ ਮੰਗ ਰੱਖੀ ਗਈ ਕਿ ਇਹ ਸੋਧ ਜਲਦੀ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਜਥੇਬੰਦੀ ਨੇ ਦੂਜਾ ਮੁੱਦਾ ਐੱਫਆਰਐੱਸ ਦਾ ਚੁੱਕਿਆ ਕਿ ਐੱਫਆਰਐੱਸ ਦੇ ਨਾਂ ’ਤੇ ਵਰਕਰਾਂ ਨੂੰ ਬੇਹੱਦ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਵੱਲੋਂ ਅੱਜ ਦੇ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਜਥੇਬੰਦੀ ਦੇ ਮਸਲੇ ਹੱਲ ਕਰਨ ਵਿੱਚ ਪੂਰੇ ਯਤਨ ਕੀਤੇ ਜਾਣਗੇ ਅਤੇ ਵਰਕਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।