ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੰਡੀਗੜ੍ਹ ਵਿੱਚ 24 ਘੰਟੇ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਫੇਲ੍ਹ

ਸ਼ਹਿਰ ਦੀਆਂ ਸੌ ਦੇ ਕਰੀਬ ਮਾਰਕੀਟਾਂ ਦੇ 30 ਹਜ਼ਾਰ ਵਪਾਰੀਆਂ ਵਿੱਚੋਂ ਸਿਰਫ਼ 152 ਨੇ ਦਿਖਾਈ ਦਿਲਚਸਪੀ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 26 ਜੂਨ

Advertisement

ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਵਪਾਰੀਆਂ ਦੇ ਕਾਰੋਬਾਰ ਨੂੰ ਵਧਾਉਣ ਲਈ ਅਤੇ ਲੋਕਾਂ ਨੂੰ 24 ਘੰਟੇ ਹਰ ਵਸਤੂਆਂ ਦੀ ਉਪਲੱਬਧਤਾ ਦੀ ਸਹੂਲਤ ਮੁਹੱਈਆ ਕਰਵਾਉਣ ਲਈ 24 ਘੰਟੇ ਦੁਕਾਨਾਂ ਖੁੱਲ੍ਹੀਆਂ ਰੱਖਣ ਲਈ ਪ੍ਰਵਾਨਗੀ ਦੇ ਦਿੱਤੀ ਗਈ ਸੀ। ਯੂਟੀ ਪ੍ਰਸ਼ਾਸਨ ਦੇ ਇਸ ਫ਼ੈਸਲੇ ਨੂੰ ਇਕ ਸਾਲ ਬਾਅਦ ਵੀ ਕੋਈ ਬਹੁਤਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਇਸ ਕਰ ਕੇ ਪ੍ਰਸ਼ਾਸਨ ਦਾ ਫ਼ੈਸਲਾ ਫੇਲ੍ਹ ਸਾਬਤ ਹੋਇਆ ਹੈ।

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਸ਼ਹਿਰ ਵਿੱਚ 100 ਦੇ ਕਰੀਬ ਮਾਰਕੀਟਾਂ ਹਨ ਜਿੱਥੇ ਕੁੱਲ 30 ਹਜ਼ਾਰ ਦੁਕਾਨਾਂ ਵਿੱਚੋਂ ਸਿਰਫ਼ 152 ਦੁਕਾਨਦਾਰਾਂ ਵੱਲੋਂ ਹੀ 24 ਘੰਟੇ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਆਂਕੜਾ ਬਹੁਤ ਹੀ ਘੱਟ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 24 ਘੰਟੇ ਖੁੱਲ੍ਹਣ ਵਾਲੀਆਂ 152 ਦੁਕਾਨਾਂ ਵਿੱਚੋਂ ਵੀ 20 ਦੇ ਕਰੀਬ ਦੁਕਾਨਾਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨਾਲ ਸਬੰਧਤ ਰੈਸਤਰਾਂ ਜਾਂ ਨਿੱਤ ਵਰਤੋਂ ਦੀਆਂ ਵਸਤੂਆਂ ਵਾਲੀਆਂ ਹਨ। ਇਸ ਫ਼ੈਸਲੇ ਦਾ ਸਥਾਨਕ ਦੁਕਾਨਦਾਰਾਂ ਵੱਲੋਂ ਬਹੁਤ ਘੱਟ ਲਾਭ ਲਿਆ ਗਿਆ ਹੈ।

ਯੂਟੀ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ 26 ਜੂਨ ਨੂੰ ਸ਼ਹਿਰ ਵਿੱਚ 24 ਘੰਟੇ ਦੁਕਾਨਾਂ ਖੁਲ੍ਹੀਆਂ ਰੱਖਣ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਇਸ ਪ੍ਰਵਾਨਗੀ ਵਿੱਚ ਸ਼ਰਾਬ ਦੇ ਠੇਕੇ ਨੂੰ 24 ਘੰਟੇ ਖੋਲ੍ਹਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਪ੍ਰਸ਼ਾਸਨ ਦਾ ਦਾਅਵਾ ਸੀ ਕਿ 24 ਘੰਟੇ ਦੁਕਾਨਾਂ ਖੋਲ੍ਹਣ ਨਾਲ ਸ਼ਹਿਰ ਦੇ ਵਪਾਰੀਆਂ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ ਲੋਕ ਵੀ ਹਰ ਸਮੇਂ ਲੋੜੀਂਦੀ ਵਸਤੂ ਹਾਸਲ ਕਰ ਸਕਣਗੇ। ਹਾਲਾਂਕਿ ਸ਼ਹਿਰ ਵਿੱਚ 24 ਘੰਟੇ ਦੁਕਾਨ ਖੋਲ੍ਹਣ ਲਈ ਯੂਟੀ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਜ਼ਰੂਰੀ ਹੈ। ਉਸ ਸਮੇਂ ਚੰਡੀਗੜ੍ਹ ਦੇ ਸਥਾਨਕ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦੇ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਸ਼ਹਿਰ ਵਿੱਚ 24 ਘੰਟੇ ਦੁਕਾਨਾਂ ਖੋਲ੍ਹਣ ਦੇ ਚਾਹਵਾਨਾਂ ਲਈ ਨਿਯਮ ਵੀ ਤਿਆਰ ਕੀਤੇ ਗਏ ਸਨ। ਇਨ੍ਹਾਂ ਵਿੱਚ ਮੁਲਾਜ਼ਮ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ, ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ ਤੇ ਰਾਤ ਦੇ ਸਮੇਂ ਔਰਤ ਮੁਲਾਜ਼ਮ ਨੂੰ ਕੰਮ ’ਤੇ ਰੱਖਣ ’ਤੇ ਪਾਬੰਦੀ ਲਗਾਈ ਗਈ ਸੀ।

Advertisement