ਮੱਧ ਪ੍ਰਦੇਸ਼ ’ਚ ਨਿਵੇਸ਼ ਦਾ ਫ਼ੈਸਲਾ ਪੰਜਾਬ ਲਈ ਖਤਰੇ ਦੀ ਘੰਟੀ: ਸਿੱਧੂ
ਖੇਤਰੀ ਪ੍ਰਤੀਨਿਧ ਐੱਸਏਐੱਸਨਗਰ (ਮੁਹਾਲੀ), 9 ਜੁਲਾਈ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੁਧਿਆਣਾ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਹਾਜ਼ਰੀ ਵਿੱਚ ਸੂਬੇ ਦੇ ਸਨਅਤਕਾਰਾਂ ਵੱਲੋਂ ਮੱਧ ਪ੍ਰਦੇਸ਼ ’ਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕਰਨ ਦੇ...
ਖੇਤਰੀ ਪ੍ਰਤੀਨਿਧ
ਐੱਸਏਐੱਸਨਗਰ (ਮੁਹਾਲੀ), 9 ਜੁਲਾਈ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੁਧਿਆਣਾ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਹਾਜ਼ਰੀ ਵਿੱਚ ਸੂਬੇ ਦੇ ਸਨਅਤਕਾਰਾਂ ਵੱਲੋਂ ਮੱਧ ਪ੍ਰਦੇਸ਼ ’ਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕਰਨ ਦੇ ਫੈਸਲੇ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਨਿਵੇਸ਼ ਪੱਖੋਂ ਮੁਲਕ ਦਾ ਇਕ ਨੰਬਰ ਸੂਬਾ ਬਣਾਉਣ ਦੇ ਦਾਅਵਿਆਂ ਦੀ ਪੋਲ੍ਹ ਖੁੱਲ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦੌਰਾਨ ਸੂਬੇ ਦੇ ਸਾਰੇ ਵੱਡੇ ਸਨਅਤੀ ਘਰਾਣਿਆਂ ਨੇ ਮੱਧ ਪ੍ਰਦੇਸ਼ ਵਿਚ 15,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਮੌਜੂਦ ਹਰ ਸਨਅਤਕਾਰ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਪੰਜਾਬ ਨਾਲੋਂ ਕਿਤੇ ਬਿਹਤਰ ਸਹੂਲਤਾਂ ਤੇ ਸਨਅਤ ਪੱਖੀ ਮਾਹੌਲ ਹੈ। ੳਨ੍ਹਾਂ ਕਿਹਾ ਕਿ ਪੰਜਾਬ ਦੀ ਦਿਨੋ-ਦਿਨ ਨਿਘਰਦੀ ਜਾ ਰਹੀ ਅਮਨ-ਕਾਨੂੰਨ ਦੀ ਸਥਿਤੀ, ਹਰ ਪੱਧਰ ’ਤੇ ਫੈਲਿਆ ਭ੍ਰਿਸ਼ਟਾਚਾਰ, ਉਦਾਸੀਨ ਅਫਸਰਸ਼ਾਹੀ ਅਤੇ ਸੂਬੇ ਦੀ ਮਾੜੀ ਆਰਥਿਕ ਹਾਲਤ ਨੇ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਕਿ ਸੂਬੇ ਵਿਚ ਬਾਹਰਲੇ ਨਿਵੇਸ਼ ਦੀ ਤਾਂ ਗੱਲ ਛੱਡੋ, ਇਥੋਂ ਦੇ ਸਨਅਤਕਾਰ ਹੀ ਬਾਹਰਲੇ ਸੂਬਿਆਂ ਵਿਚ ਨਿਵੇਸ਼ ਕਰ ਰਹੇ ਹਨ।