ਡੀਸੀ ਨੇ ਹਸਪਤਾਲ ਦੀ ਛੱਤ ਤੋਂ ਲੀਕ ਹੁੰਦੇ ਪਾਣੀ ਦਾ ਨੋਟਿਸ ਲਿਆ
ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਹਸਪਤਾਲ ਦਾ ਦੌਰਾ ਕਰਕੇ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਖੇਤਰ ਵਿਚ ਆਉਂਦੇ ਛੱਤ ਦੇ ਪਾਣੀ ਦਾ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿਚ ਵਿਸਥਾਰਿਤ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਮੁਹਾਲੀ ਦੇ ਫੇਜ਼-6 ਸ਼ੁੱਕਰਵਾਰ ਸ਼ਾਮ ਨੂੰ ਛੱਤ ਰਾਹੀਂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਮੀਂਹ ਦਾ ਪਾਣੀ ਭਰ ਗਿਆ ਸੀ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿਚ ਸਫ਼ਾਈ ਸੇਵਕ ਪਾਣੀ ਨੂੰ ਬਾਹਰ ਕੱਢਦੇ ਨਜ਼ਰ ਆ ਰਹੇ ਸਨ। ਡਿਪਟੀ ਕਮਿਸ਼ਨਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ। ਉਨ੍ਹਾਂ ਉਪਰਲੀ ਮੰਜ਼ਿਲ ਤੇ ਓਪੀਡੀ ਨਿਰਮਾਣ ਹੇਠਲੇ ਭਾਗ ਵਿਚੋਂ ਛੱਤ ਤੋਂ ਹਰ ਮੀਂਹ ਸਮੇਂ ਪਾਣੀ ਦੀ ਲੀਕੇਜ਼ ਹੋਣ ਦਾ ਨੋਟਿਸ ਲਿਆ।ਉਨ੍ਹਾਂ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਅਤੇ ਐਸਐਮਓ ਡਾ ਪਰਮਿੰਦਰਜੀਤ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਕਮੀਆਂ ਨੂੰ ਦੂਰ ਕਰਨ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪਾਣੀ ਹਸਪਤਾਲ ਦੀ ਇਮਾਰਤ ਵਿਚ ਦਾਖ਼ਿਲ ਨਾ ਹੋਵੇ।
ਐਸਐੱਮਓ ਡਾ. ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਉਸਾਰੀ ਅਧੀਨ ਨਵੇਂ ਓਪੀਡੀ ਵਿੰਗ ਲਈ ਮੀਂਹ ਦੇ ਪਾਣੀ ਦੇ ਨਿਪਟਾਰੇ ਦੀ ਵਿਵਸਥਾ ਅਜੇ ਤੱਕ ਮੀਂਹ ਦੇ ਪਾਣੀ ਦੀ ਸੰਭਾਲ ਦੇ ਢਾਂਚੇ ਜਾਂ ਡਰੇਨੇਜ ਨੈੱਟਵਰਕ ਨਾਲ ਨਹੀਂ ਜੋੜੀ ਗਈ, ਜਿਸ ਕਾਰਨ ਲੀਕੇਜ ਦੀ ਮੁਸ਼ਕਲ ਬਣੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਹਤ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਜਾਣੂ ਕਰਾਇਆ ਗਿਆ ਹੈ ਤੇ ਛੱਤ ਵਿਚੋਂ ਆਉਂਦੇ ਪਾਣੀ ਕਾਰਨ ਮਰੀਜ਼ਾਂ ਅਤੇ ਸਟਾਫ਼ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਵੀ ਦੱਸਿਆ ਗਿਆ ਹੈ।