ਡੀ ਸੀ ਵੱਲੋਂ ਕਾਰਵਾਈ ਦੀ ਸਿਫ਼ਾਰਸ਼
ਮੁਹਾਲੀ ਦੀ ਡਿਪਟੀ ਕਮਿਸ਼ਨਰ ਨੇ ਖਰੜ ਦੀ ਗੁਰਦੁਆਰਾ ਸਾਹਿਬ ਅਕਾਲੀ ਦਫ਼ਤਰ ਨੂੰ ਜਾਂਦੀ ਨਵੀਂ ਬਣੀ ਸੜਕ ਦੀ ਭੈੜੀ ਉਸਾਰੀ ਸਬੰਧੀ ਮੁੱਖ ਮੰਤਰੀ ਨੂੰ ਕੀਤੀ ਸ਼ਿਕਾਇਤ ਉਪਰੰਤ ਹੋਈ ਜਾਂਚ ਉਪਰੰਤ ਕੌਂਸਲ ਦੇ ਦੋ ਸੀਨੀਅਰ ਅਧਿਕਾਰੀਆਂ ਵਿਰੁੱਧ ਅਣਗਹਿਲੀ ਵਰਤਣ ਅਤੇ ਨਗਰ ਕੌਂਸਲ...
ਮੁਹਾਲੀ ਦੀ ਡਿਪਟੀ ਕਮਿਸ਼ਨਰ ਨੇ ਖਰੜ ਦੀ ਗੁਰਦੁਆਰਾ ਸਾਹਿਬ ਅਕਾਲੀ ਦਫ਼ਤਰ ਨੂੰ ਜਾਂਦੀ ਨਵੀਂ ਬਣੀ ਸੜਕ ਦੀ ਭੈੜੀ ਉਸਾਰੀ ਸਬੰਧੀ ਮੁੱਖ ਮੰਤਰੀ ਨੂੰ ਕੀਤੀ ਸ਼ਿਕਾਇਤ ਉਪਰੰਤ ਹੋਈ ਜਾਂਚ ਉਪਰੰਤ ਕੌਂਸਲ ਦੇ ਦੋ ਸੀਨੀਅਰ ਅਧਿਕਾਰੀਆਂ ਵਿਰੁੱਧ ਅਣਗਹਿਲੀ ਵਰਤਣ ਅਤੇ ਨਗਰ ਕੌਂਸਲ ਦੇ ਫੰਡਾਂ ਦੀ ਦੁਰਵਰਤੋਂ ਅਤੇ ਵਿੱਤੀ ਨੁਕਸਾਨ ਪਹੁੰਚਾਉਣ ਲਈ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਸੜਕ ਦੀ ਖ਼ਸਤਾ ਹਾਲਤ ਸਬੰਧੀ ਮੁੱਖ ਮੰਤਰੀ ਦੇ ਪੋਰਟਲ ’ਤੇ ਨਵੰਬਰ ’ਚ ਖਰੜ ਦੇ ਅਰੁਣ ਕੁਮਾਰ ਨੇ ਸ਼ਿਕਾਇਤ ਭੇਜੀ ਸੀ ਜਿਸ ਦੀ ਜਾਂਚ ਦੇ ਮੁੱਖ ਮੰਤਰੀ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ।
ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਅੰਬਾਲਾ: ਨਾਰਾਇਣਗੜ੍ਹ ਪੁਲੀਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ ਐੱਚ ਓ ਥਾਣਾ ਨਾਰਾਇਣਗੜ੍ਹ ਦੀ ਟੀਮ ਵੱਲੋਂ ਕੀਤੀ ਕਾਰਵਾਈ ਦੌਰਾਨ ਪ੍ਰਵੀਨ ਕੁਮਾਰ ਪਿੰਡ ਅੰਧੇਰੀ ਨੂੰ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਰਣਬੀਰ ਸਿੰਘ ਨੇ 8 ਜੁਲਾਈ ਨੂੰ ਪੁਲੀਸ ਨੂੰ ਦੱਸਿਆ ਸੀ ਕਿ ਜ਼ਮੀਨੀ ਵਿਵਾਦ ਦੇ ਨਾਂ ’ਤੇ ਪ੍ਰਵੀਨ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਉਸ ਤੋਂ 18 ਲੱਖ ਰੁਪਏ ਹੜੱਪ ਲਏ ਹਨ। ਇਸ ’ਤੇ ਪੁਲੀਸ ਨੇ ਕੇਸ ਦਰਜ ਕਰ ਪੜਤਾਲ ਸ਼ੁਰੂ ਕੀਤੀ ਸੀ। ਹੁਣ ਪ੍ਰਵੀਨ ਨੂੰ ਗ੍ਰਿਫ਼ਤਾਰ ਕਰ ਕੇ ਅੱਜ ਅਦਾਲਤ ਦੇ ਹੁਕਮ ਅਨੁਸਾਰ ਨਿਆਂਇਕ ਹਿਰਾਸਤ ਭੇਜ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ
ਭਾਈ ਲਖਵਿੰਦਰ ਸਿੰਘ ਦਾ ਨਵਾਂ ਸ਼ਬਦ ਰਿਲੀਜ਼
ਐੱਸਏਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਰਾਗੀ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਗਾਇਆ ਸ਼ਬਦ ‘ਸੁਖੁ ਤੇਰਾ ਦਿੱਤਾ ਲਹੀਐ’ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਅਤੇ ਹਰਵਿੰਦਰ ਸਿੰਘ ਨੰਬਰਦਾਰ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਪ੍ਰਧਾਨ ਹਰਜਿੰਦਰ ਸਿੰਘ, ਕਥਾ ਵਾਚਕ ਭਾਈ ਸੰਦੀਪ ਸਿੰਘ, ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ, ਖੁਸ਼ਇੰਦਰ ਸਿੰਘ ਬੈਦਵਾਣ ਆਦਿ ਹਾਜ਼ਰ ਸਨ।
ਮੋਰਨੀ-ਟਿੱਕਰਤਲ ਸੜਕ 12 ਘੰਟੇ ਬੰਦ ਰਹੀ
ਪੰਚਕੂਲਾ: ਮੋਰਨੀ-ਟਿੱਕਰਤਲ ਸੜਕ ’ਤੇ ਹਰਿਆਣਾ ਰੋਡਵੇਜ਼ ਬੱਸ ਦਾ ਐਕਸਲ ਟੁੱਟ ਗਿਆ। ਇਸ ਕਾਰਨ ਬੱਸ ਕਰੀਬ 12 ਘੰਟਿਆਂ ਤੱਕ ਫਸੀ ਰਹੀ। ਦੇਰ ਰਾਤ ਹਰਿਆਣਾ ਰੋਡਵੇਜ਼ ਦੀ ਬੱਸ ਪਿੰਡ ਗਰਣ ਨੇੜੇ ਜਾ ਰਹੀ ਸੀ ਤਾਂ ਅਚਾਨਕ ਬੱਸ ਦਾ ਐਕਸਲ ਟੁੱਟ ਗਿਆ। ਇੱਥੇ ਸੜਕ ਤੰਗ ਹੋਣ ਕਾਰਨ ਬੱਸ ਨੂੰ ਪਾਸੇ ਕਰਨਾ ਸੰਭਵ ਨਾ ਹੋ ਸਕਿਆ। ਇਸ ਕਾਰਨ ਇਹ ਸੜਕ ਰਾਤ ਭਰ ਬੰਦ ਰਹੀ। ਇਸ ਕਾਰਨ ਸੜਕ ਦੇ ਦੋਵੇਂ ਪਾਸੇ ਆਵਾਜਾਈ ਜਾਮ ਹੋ ਗਈ। ਇਸ ਮਗਰੋਂ ਪੁੱਜੀ ਵਿਭਾਗ ਦੀ ਤਕਨੀਕੀ ਟੀਮ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਬੱਸ ਨੂੰ ਪਾਸੇ ਹਟਾ ਕੇ ਆਵਾਜਾਈ ਬਹਾਲ ਕੀਤੀ। -ਪੱਤਰ ਪ੍ਰੇਰਕ

