ਡੀਸੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਅੰਬਾਲਾ: ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਪਿੰਡ ਖੁੱਡਾ ਕਲਾਂ ਵਿੱਚ ਰਾਤਰੀ ਠਹਿਰਾਅ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਅਤੇ ਆਸ-ਪਾਸ ਦੇ ਪਿੰਡਾਂ ਤੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨੂੰ ਫੌਰੀ ਹਦਾਇਤਾਂ ਜਾਰੀ ਕੀਤੀਆਂ। ਸਰਪੰਚ ਸਰਲਾ ਦੇਵੀ ਤੇ ਸਾਬਕਾ ਸਰਪੰਚ ਬ੍ਰਿਜਪਾਲ ਰਾਣਾ ਵੱਲੋਂ ਡੀ ਸੀ ਦਾ ਸਵਾਗਤ ਕੀਤਾ ਗਿਆ। ਲੋਕਾਂ ਨੇ ਰਾਸ਼ਨ ਕਾਰਡ ਕੱਟਣ, ਘਰ ਦੀ ਛੱਤ ਢਹਿ ਜਾਣ, ਘਰ ਬਣਵਾਉਣ, ਸਟੇਡੀਅਮ ਦੀ ਸਫਾਈ ਅਤੇ ਚੌਕ ਤੇ ਲਾਈਟਾਂ ਲਗਵਾਉਣ ਵਰਗੀਆਂ ਸਮੱਸਿਆਵਾਂ ਉਠਾਈਆਂ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਘਰਾਂ ਅਤੇ ਛੱਤਾਂ ਵਾਲੇ ਮਾਮਲਿਆਂ ਦੀ ਜਾਂਚ ਕਰਕੇ ਯੋਗ ਉਮੀਦਵਾਰਾਂ ਨੂੰ ਆਵਾਸ ਯੋਜਨਾਵਾਂ ਅਧੀਨ ਲਾਭ ਦਿੱਤਾ ਜਾਵੇਗਾ। ਇਸ ਮੌਕੇ ਐਸਪੀ ਅਜੀਤ ਸਿੰਘ ਸ਼ੇਖਾਵਤ, ਐੱਸਡੀਐੱਮ ਵਿਨੇਸ਼ ਕੁਮਾਰ, ਡੀਡੀਪੀਓ ਦਿਨੇਸ਼ ਸ਼ਰਮਾ ਆਦਿ ਅਧਿਕਾਰੀ ਹਾਜ਼ਰ ਸਨ। -ਪੱਤਰ ਪ੍ਰੇਰਕ
ਉਪ ਰਾਜਪਾਲ ਵੱਲੋਂ ਸੰਦੀਪ ਸਿੰਘ ਦਾ ਸਨਮਾਨ
ਮੰਡੀ ਗੋਬਿੰਦਗੜ੍ਹ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰਧਾਨ ਡਾ. ਸੰਦੀਪ ਸਿੰਘ ਨੂੰ ਸਿੱਖਿਆ ਅਤੇ ਯੁਵਾ ਸਸ਼ਕਤੀਕਰਨ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ। ਇਹ ਸਨਮਾਨ ਜੰਮੂ ਵਿੱਚ ਕਰਵਾਏ ਮੈਗਾ ਨੌਕਰੀ ਮੇਲਾ-2025 ਦੌਰਾਨ ਕੀਤਾ ਜੋਂ ਦੇਸ਼ ਭਗਤ ਯੂਨੀਵਰਸਿਟੀ ਅਤੇ ਜੰਮੂ ਦੀ ਕਲੱਸਟਰ ਯੂਨੀਵਰਸਿਟੀ ਦੇ ਵਿਚਕਾਰ ਇੱਕ ਸਹਿਯੋਗੀ ਪਹਿਲਕਦਮੀ ਸੀ। ਸ੍ਰੀ ਸਿਨਹਾ ਨੇ ਦੇਸ਼ ਭਗਤ ਯੂਨੀਵਰਸਿਟੀ ਦੀ ਇਸ ਇਤਿਹਾਸਕ ਪਹਿਲਕਦਮੀ ਦੀ ਸ਼ਲਾਘਾ ਕੀਤੀ। ਡਾ. ਸੰਦੀਪ ਸਿੰਘ ਨੇ ਸਨਮਾਨ ਪ੍ਰਾਪਤ ਕਰਦੇ ਹੋਏ ਧੰਨਵਾਦ ਕੀਤਾ। ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਯੂਨੀਵਰਸਿਟੀ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ
ਸ੍ਰੀਰਾਮ ਮੰਦਰ ਦਾ ਲੈਂਟਰ 24 ਘੰਟਿਆਂ ’ਚ ਪਿਆ
ਖਰੜ: ਇੱਥੇ ਉਸਾਰੀ ਅਧੀਨ ਸ੍ਰੀ ਰਾਮ ਮੰਦਰ ਦੇ ਮੁੱਖ ਲੈਂਟਰ ਦਾ ਹਿੱਸਾ ਜਿਸ ਦਾ ਲੈਂਟਰ ਪਾਉਣ ਤੋਂ ਰਹਿ ਗਿਆ ਸੀ, ਨੂੰ ਪਾਉਣ ਵਿੱਚ 24 ਘੰਟੇ ਦਾ ਸਮਾਂ ਲੱਗਿਆ ਅਤੇ ਕੱਲ੍ਹ ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ ਲੈਂਟਰ ਪਾਉਣ ਦਾ ਕੰਮ ਅੱਜ ਸਵੇਰੇ 5 ਵਜੇ ਦੇ ਕਰੀਬ ਖਤਮ ਹੋਇਆ। ਹੁਣ ਇਥੇ ਗੁੰਬਦ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ‘ਰਾਮ ਜੀ ਕੀ ਸੇਨਾ’ ਨਾਮਕ 147 ਮੈਂਬਰੀ ਮਹਿਲਾ ਸੰਕੀਰਤਨ ਗਰੁੱਪ ਵਲੋਂ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਰਤਨ ਕੀਤਾ ਗਿਆ। ਇਸ ਗਰੁੱਪ ਦੇ ਅਹੁਦੇਦਾਰਾਂ ਵਿੱਚ ਰਜਨੀ ਜੈਨ, ਪ੍ਰਵੇਸ਼ ਸ਼ਰਮਾ, ਨੀਲਮ ਚੌਧਰੀ, ਰੀਟਾ ਜੈਨ, ਸਨੇਹ, ਸੁਦੇਸ਼, ਗੋਲਡੀ, ਮਿੰਕੀ, ਕਿਸ਼ੋਰ, ਵਿਨੈ ਪੁਰੀ ਆਦਿ ਸ਼ਾਮਲ ਸਨ। ਨਗਰ ਕੌਂਸਲ ਪ੍ਰਧਾਨ ਅੰਜੂ ਚੰਦਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। -ਪੱਤਰ ਪ੍ਰੇਰਕ
ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦਾ ਸੱਦਾ
ਫ਼ਤਹਿਗੜ੍ਹ ਸਾਹਿਬ: ਪਿੰਡ ਮਹਾਦੀਆ ਵਿੱਚ ਸੂਬਾ ਪੱਧਰੀ ਕੈਂਪ ਲਾਇਆ ਗਿਆ ਜਿਸ ਵਿੱਚ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਏਡੀਸੀ ਸੁਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਪਿੰਡ ਦੇ ਹਰੇਕ ਵਿਅਕਤੀ ਨੂੰ ਬੈਂਕ ਖਾਤੇ ਦੀ ਸਹੂਲਤ ਦੇਣਾ ਹੈ। ਸਟੇਟ ਬੈਂਕ ਆਫ਼ ਇੰਡੀਆ ਦੇ ਖੇਤਰੀ ਮੈਨੇਜਰ ਰਮਨ ਕੁਕਰੇਤੀ ਨੇ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਬਾਰੇ ਦੱਸਿਆ। ਕੈਂਪ ਦੌਰਾਨ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਤੋਂ ਰਾਮ ਲਾਲ ਔਜਲਾ ਦੀ ਅਗਵਾਈ ਹੇਠ ਸਿਖਿਆਰਥੀਆਂ ਨੇ ਬਣਾਏ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ। ਲੀਡ ਬੈਂਕ ਮੈਨੇਜਰ ਮੁਕੇਸ਼ ਕੁਮਾਰ ਸੈਣੀ ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਹਰ ਪੰਚਾਇਤ ਵਿੱਚ ਬੈਂਕਾਂ ਵੱਲੋਂ ਕੈਂਪ ਲਗਾਏ ਜਾਣੇ ਹਨ। ਇਸ ਮੌਕੇ ਵਿਧਾਇਕ ਰਾਏ ਦਾ ਸਨਮਾਨ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ
ਮੰਦਰਾਂ ’ਚੋਂ ਸਮੱਗਰੀ ਇਕੱਠੀ ਕਰਨ ਲਈ ਵਾਹਨ ਭੇਟ
ਖਰੜ: ਸ੍ਰੀ ਹਿੰਦੂ ਤਖਤ ਦੇ ਕੌਮੀ ਪ੍ਰਧਾਨ ਪ੍ਰਵੀਨ ਵਲੋਂ ਖਰੜ ਦੇ ਮੰਦਰਾਂ ਵਿੱਚੋਂ ਖੰਡਿਤ ਮੂਰਤੀਆਂ, ਫੋਟੋਆਂ ਅਤੇ ਹਵਨ ਦੀ ਸਮੱਗਰੀ ਇਕੱਠੀ ਕਰਨ ਲਈ ਵਾਹਨ ਉਪਲਬਧ ਕਰਵਾਇਆ ਗਿਆ। ਸ੍ਰੀ ਹਿੰਦੂ ਤਖਤ ਦੇ ਕੌਮੀ ਪ੍ਰਚਾਰਕ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਸਨਾਤਨ ਧਰਮ ਨਾਲ ਸਬੰਧਤ ਧਾਰਮਿਕ ਚਿੰਨਾਂ ਦੀ ਬੇਅਦਬੀ ਨਾ ਹੋਵੇ। ਕੌਮੀ ਪ੍ਰਧਾਨ ਪ੍ਰਵੀਨ ਨੇ ਅੱਜ ਇਸ ਵਾਹਨ ਦੀਆਂ ਚਾਬੀਆਂ ਰਵਿਦਰ ਸ਼ਰਮਾ ਦੇ ਹਵਾਲੇ ਕੀਤੀਆਂ। ਇਸ ਮੌਕੇ ਉਨ੍ਹਾਂ ਦੀ ਸਾਰੀ ਟੀਮ ਮੌਜੂਦ ਸੀ। -ਪੱਤਰ ਪ੍ਰੇਰਕ