ਡੀਸੀ ਵੱਲੋਂ ਜਗਤਪੁਰਾ ਪ੍ਰੋਸੈਸਿੰਗ ਪਲਾਂਟ ਦਾ ਨਿਰੀਖਣ
ਐਸ.ਏ.ਐਸ. ਨਗਰ (ਮੁਹਾਲੀ), 23 ਮਈ
ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ’ਤੇ ਜ਼ੋਰ ਦਿੰਦਿਆਂ ਸੈਕਟਰ-91 ਦੇ ਪੁਰਾਣੇ ਕੂੜਾ ਡੰਪ ਅਤੇ ਜਗਤਪੁਰਾ ਵੇਸਟ ਪ੍ਰੋਸੈਸਿੰਗ ਪਲਾਂਟ ਦਾ ਅਚਨਚੇਤ ਦੌਰਾ ਕੀਤਾ ਅਤੇ ਮੁਹਾਲੀ ਨਿਗਮ ਵੱਲੋਂ ਕੀਤੇ ਕੂੜੇ ਪ੍ਰਬੰਧਨ ਤਕਨੀਕਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ। ਉਨ੍ਹਾਂ ਦੱਸਿਆ ਕਿ ਸੈਕਟਰ-91 ਵਿੱਚ ਲੀਗੇਸੀ ਡੰਪ ਵਿੱਚ ਲਗਪਗ 90,000 ਮੀਟਰਿਕ ਟਨ ਕੂੜੇ ਦਾ ਚਾਰ ਮਹੀਨਿਆਂ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾਵੇਗਾ। ਇਸ ਥਾਂ ’ਤੇ ਚਾਰ ਟ੍ਰੋਮਲ ਮਸ਼ੀਨਾਂ ਰੋਜ਼ਾਨਾ 500 ਮੀਟਰਿਕ ਟਨ ਕੂੜੇ ਨੂੰ ਪ੍ਰੋਸੈੱਸ ਕਰ ਰਹੀਆਂ ਹਨ।
ਡੀਸੀ ਕੋਮਲ ਮਿੱਤਲ ਨੇ ਸਮੂਹ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ, ਰਹਿੰਦ-ਖੂੰਹਦ ਪੈਦਾ ਕਰਨ ਵਾਲਿਆਂ ਅਤੇ ਆਮ ਨਾਗਰਿਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਦੀ ਸਖ਼ਤੀ ਨਾਲ ਵੰਡ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਅਜਿਹਾ ਕਰਨ ਨਾਲ ਹੀ ਮੁਹਾਲੀ ਇੱਕ ਮਾਡਲ ਸ਼ਹਿਰ ਬਣ ਸਕੇਗਾ। ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਕਿ ਘਰਾਂ ਤੋਂ ਕੂੜੇ ਨੂੰ ਸਰੋਤ ਪ੍ਰਬੰਧਨ ਕੇਂਦਰਾਂ (ਰਿਸੋਰਸ ਮੈਨੇਜਮੈਂਟ ਸੈਂਟਰਾਂ) ਵਿੱਚ ਲਿਆਉਣ ਤੋਂ ਪਹਿਲਾਂ ਸਹੀ ਢੰਗ ਨਾਲ ਵੱਖੋ-ਵੱਖਰਾ ਕੀਤਾ ਜਾਵੇ। ਇਸ ਨਾਲ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਦੀ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ।
ਜਗਤਪੁਰਾ ਪ੍ਰੋਸੈਸਿੰਗ ਪਲਾਂਟ ਵਿਖੇ ਡੀਸੀ ਨੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਠੇਕੇਦਾਰ ਅਤੇ ਨਿਗਮ ਸਟਾਫ਼ ਨਾਲ ਗੱਲ ਕੀਤੀ। ਉਨ੍ਹਾਂ ਸੁਧਾਰ ਕਾਰਜਾਂ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਮੁਹਾਲੀ ਪ੍ਰਸ਼ਾਸਨ ਦੇ ਸ਼ਹਿਰ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਦੇ ਸਮਰਪਣ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸ਼ਾਹੀਮਾਜਰਾ ਅਤੇ ਜਗਤਪੁਰਾ ਪਲਾਂਟ ਦੇ ਠੇਕੇਦਾਰ ਜਲਦੀ ਹੀ ਸ਼ਹਿਰ ਵਿੱਚ ਪੈਦਾ ਹੋਣ ਵਾਲੇ ਰੋਜ਼ਾਨਾ ਤਾਜ਼ੇ ਕੂੜੇ ਨੂੰ ਸੰਭਾਲਣਗੇ।
ਅਧਿਕਾਰੀਆਂ ਨੇ ਦੱਸਿਆ ਕਿ 14 ਬੇਲਿੰਗ ਮਸ਼ੀਨਾਂ ’ਚੋਂ ਸਿਰਫ਼ ਚਾਰ ਇਸ ਵੇਲੇ ਵਰਤੋਂ ਤੋਂ ਬਾਹਰ ਹਨ ਪਰ ਮੁੱਖ ਸਥਾਨਾਂ ’ਤੇ ਇਨ੍ਹਾਂ ਚਾਰਾਂ ਦੀ ਸਥਾਪਨਾ ਅਗਲੇ ਹਫ਼ਤੇ ਤੱਕ ਹੋਣ ਦੀ ਉਮੀਦ ਹੈ। ਇਸ ਮੌਕੇ ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਮੁੱਖ ਇੰਜੀਨੀਅਰ ਨਰੇਸ਼ ਬੱਤਾ, ਸਹਾਇਕ ਕਮਿਸ਼ਨਰ ਰਣਜੀਵ ਚੌਧਰੀ ਅਤੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀ ਮੌਜੂਦ ਸਨ।