ਮੁਹਾਲੀ ਦੇ ਸੈਕਟਰ 100 ਵਿਚ ਰੇਲਵੇ ਲਾਈਨ ਤੇ ਸਨੇਟਾ ਪੁਲੀਸ ਚੌਕੀ ਦੇ ਨਾਲ-ਨਾਲ ਜਾ ਕੇ ਲਾਂਡਰਾਂ ਬਨੂੜ ਰੋਡ ਨਾਲ ਸਨੇਟਾ ਦੇ ਰੇਲਵੇ ਪੁਲ ਨੇੜੇ ਜੁੜਦੀ ਡਬਲ ਸੜਕ ’ਤੇ ਝੁਕੀਆਂ ਪਹਾੜੀ ਕਿੱਕਰਾਂ ਕਾਰਨ ਹਾਦਸੇ ਦਾ ਖ਼ਤਰਾ ਹੈ। ਸੜਕ ਦੇ ਵਿਚਕਾਰਲੇ ਡਿਵਾਈਡਰ ਅਤੇ ਕਿਨਾਰਿਆਂ ਉੱਤੇ ਵੱਡੀ ਮਾਤਰਾ ਵਿਚ ਪਹਾੜੀ ਕਿੱਕਰਾਂ ਖੜ੍ਹੀਆਂ ਹਨ, ਜਿਨ੍ਹਾਂ ਦੀਆਂ ਟਾਹਣੀਆਂ ਦਸ-ਦਸ ਫੁੱਟ ਤੱਕ ਸੜਕ ਉੱਤੇ ਫੈਲ ਚੁੱਕੀਆਂ ਹਨ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਥੋਂ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਨੇ ਦੱਸਿਆ ਕਿ ਪਹਾੜੀ ਕਿੱਕਰਾਂ ਦੀ ਓਟ ਵਿਚ ਦੂਜੇ ਪਾਸੇ ਤੋਂ ਆਉਂਦਾ ਕੋਈ ਵਾਹਨ ਵੀ ਨਜ਼ਰ ਨਹੀਂ ਆਉਂਦਾ। ਦੋ ਪਹੀਆ ਵਾਹਨ ਚਾਲਕਾਂ ਨੂੰ ਹੋਰ ਵੀ ਜ਼ਿਆਦਾ ਔਖਿਆਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂ ਕਿ ਪਹਾੜੀ ਕਿੱਕਰਾਂ ਦੀਆਂ ਕੰਡੇਦਾਰ ਟਾਹਣੀਆਂ ਬਾਹਾਂ ਅਤੇ ਮੂੰਹ ਤੇ ਵੱਜਦੀਆਂ ਹਨ। ਲੋਕਾਂ ਨੇ ਗਮਾਡਾ ਅਤੇ ਨਗਰ ਨਿਗਮ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਇਸ ਸੜਕ ਦੀਆਂ ਸਟਰੀਟ ਲਾਇਟਾਂ ਵੀ ਲੰਮੇ ਸਮੇਂ ਤੋਂ ਬੰਦ ਪਈਆਂ ਹਨ। ਲੋਕਾਂ ਨੇ ਸਨੇਟਾ ਦੇ ਰੇਲਵੇ ਪੁਲ ਤੋਂ ਲੈ ਕੇ ਦੈੜੀ ਤੱਕ ਕੌਮੀ ਮਾਰਗ ਉੱਤੇ ਲਗਾਈਆਂ ਹੋਈਆਂ ਵੱਡੀਆਂ ਫਲੱਡ ਲਾਈਟਾਂ ਨੂੰ ਵੀ ਤੁਰੰਤ ਠੀਕ ਕਰਾਏ ਜਾਣ ਦੀ ਮੰਗ ਕੀਤੀ ਹੈ।

