ਐੱਸਬੀਪੀ ਨਾਰਥ ਵੈਲੀ ਦੇ ਫਲੈਟ ’ਚ ਸਿਲੰਡਰ ਫਟਿਆ
ਖਰੜ-ਲਾਂਡਰਾ ਰੋਡ ’ਤੇ ਸਥਿਤ ਐੱਸਬੀਪੀ ਨਾਰਥ ਵੈਲੀ ਦੇ ਬਣੇ ਰਿਹਾਇਸ਼ੀ 5 ਨੰਬਰ ਟਾਵਰ ਦੀ ਤੀਸਰੀ ਮੰਜ਼ਿਲ ’ਤੇ ਸਥਿਤ ਇੱਕ ਫਲੈਟ ਵਿਚ ਅੱਗ ਲੱਗ ਗਈ ਤੇ ਫਲੈਟ ਵਿੱਚ ਰੱਖੇ ਸਿਲੰਡਰਾਂ ਵਿੱਚ ਵੱਡਾ ਧਮਾਕਾ ਹੋਇਆ, ਜਿਸ ਨਾਲ ਉਥੇ ਲੋਕਾਂ ਦਾ ਵੱਡਾ ਇਕੱਠ ਹੋ ਗਿਆ। ਜਾਣਕਾਰੀ ਮੁਤਾਬਕ ਘਰ ਵਿਚ ਪਿਆ ਸਾਰਾ ਸਾਮਾਨ ਸੜ ਗਿਆ। ਇਸ ਮੌਕੇ ਅੱਗ ਬੁਝਾਉਣ ਵਾਲੇ 2 ਨੌਜਵਾਨ ਪ੍ਰਦੀਪ ਸਿੰਘ ਤੇ ਨਿਰਮਲ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਤੇ ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇ ਕੇ ਵਾਪਿਸ ਭੇਜ ਦਿੱਤਾ ਹੈ। ਇਸ ਸਬੰਧੀ ਨਾਰਥ ਵੈਲੀ ਦੇ ਪ੍ਰਧਾਨ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕਰ ਦਿੱਤਾ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾ ਲਿਆ। ਇਸ ਸਬੰਧੀ ਕੁਝ ਲੋਕਾਂ ਨੇ ਦੱਸਿਆ ਕਿ ਇਹ ਮਕਾਨ ਭੁਪਿੰਦਰ ਸਿੰਘ ਨਾਮੀ ਵਿਅਕਤੀ ਦਾ ਸੀ ਜਿਸ ਦਾ ਸਾਰਾ ਸਮਾਨ ਸੜ ਗਿਆ ਹੈ ਅਤੇ ਉਨ੍ਹਾਂ ਦੀ ਕੁਝ ਲੋਕਾਂ ਵੱਲੋਂ ਮਾਲੀ ਮਦਦ ਵੀ ਕੀਤੀ ਗਈ।
ਉਨਾਂ ਦੋਸ਼ ਲਗਾਇਆ ਹੈ ਕਿ ਫਾਇਰ ਬ੍ਰਿਗੇਡ ਦੀ ਟੀਮ ਲੇਟ ਪਹੁੰਚੀ ਤੇ ਐੱਸਬੀਪੀ ਵਿੱਚ ਲੱਗਿਆ ਫਾਇਰ ਸਿਸਟਮ ਵੀ ਨਹੀਂ ਚੱਲਿਆ। ਜਦਕਿ ਫਾਇਰ ਅਫਸਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਗੱਡੀਆ ਲੈ ਕੇ ਚੱਲ ਪਏ ਪਰ ਖਰੜ-ਲਾਂਡਰਾ ਰੋਡ ਦੀ ਮਾੜੀ ਹਾਲਤ ਹੋਣ ਕਰਕੇ ਗੱਡੀਆਂ ਦਾ ਜਾਮ ਲੱਗਿਆ ਹੋਇਆ ਸੀ ਜਦਕਿ ਦੂਜੀ ਗੱਡੀ ਉਨ੍ਹਾਂ ਨੇ ਖੂਨੀਮਾਜਰੇ ਰਸਤੇ ਰਾਹੀਂ ਘਟਨਾ ਵਾਲੀ ਥਾਂ ਪਹੁੰਚਾਈ। ਉਨ੍ਹਾਂ ਨੇ ਮੁਹਾਲੀ ਤੋਂ ਵੀ ਫਾਇਰ ਗੱਡੀਆ ਮੰਗਵਾਈਆਂ ਤੇ ਅੱਗ ’ਤੇ ਕਾਬੂ ਪਾ ਲਿਆ।
ਫਰਨੀਚਰ ਦੇ ਸ਼ੋਅਰੂਮ ਨੂੰ ਅੱਗ ਲੱਗੀ
ਜ਼ੀਰਕਪੁਰ (ਹਰਜੀਤ ਸਿੰਘ): ਇਥੋਂ ਦੇ ਪੀਰਮੁਛੱਲਾ ਦੀ ਸਾਈਂ ਮਾਰਕੀਟ ਵਿੱਚ ਸਥਿਤ ਇਕ ਫਰਨੀਚਰ ਦੇ ਸ਼ੋਅਰੂਮ ਵਿੱਚ ਅੱਜ ਸਵੇਰ ਅੱਗ ਲੱਗ ਗਈ। ਅੱਗ ਕਾਰਨ ਸ਼ੋਅਰੂਮ ਵਿੱਚ ਪਿਆ ਫਰਨੀਚਰ ਸੜ ਗਿਆ। ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਸਹਾਇਕ ਫਾਇਰ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਅੱਜ ਪੌਣੇ ਦਸ ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੀਰਮੁਛੱਲਾ ਵਿੱਚ ਪੈਂਦੇ ਇਕ ਫਰਨੀਚਰ ਦੇ ਸ਼ੋਅਰੂਮ ਵਿੱਚ ਅੱਗ ਲੱਗ ਗਈ ਹੈ। ਉਹ ਦੋ ਫਾਇਰ ਬ੍ਰਿਗੇਡ ਦੀ ਗੱਡੀਆਂ ਲੈ ਕੇ ਮੌਕੇ ’ਤੇ ਪਹੁੰਚੇ ਪਰ ਅੱਗ ਬੇਕਾਬੂ ਸੀ। ਉਨ੍ਹਾਂ ਨੇ ਸਥਿਤੀ ਨੂੰ ਦੇਖਦਿਆਂ ਦੋ ਗੱਡੀਆਂ ਪੰਚਕੂਲਾ ਅਤੇ ਇਕ ਗੱਡੀ ਡੇਰਾਬੱਸੀ ਤੋਂ ਮੰਗਵਾਈ। ਉਨ੍ਹਾਂ ਨੇ ਦੱਸਿਆ ਕਿ ਪੰਜ ਗੱਡੀਆਂ ਨੇ ਕਰੀਬ ਚਾਰ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਅੱਗ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਜਾਪਦਾ ਹੈ ਪਰ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ। ਉਨ੍ਹਾਂ ਕਿਹਾ ਕਿ ਸ਼ੋਅਰੂਮ ਦੇ ਮਾਲਕ ਮੁਤਾਬਦ ਉਸ ਦਾ ਦਸ ਲੱਖ ਰੁਪਏ ਦਾ ਫਰਨੀਚਰ ਸੜ ਗਿਆ ਹੈ ਪਰ ਨੁਕਸਾਨ ਬਾਰੇ ਜਾਂਚ ਤੋਂ ਬਾਅਦ ਕੁਝ ਕਿਹਾ ਜਾ ਸਕਦਾ ਹੈ।