ਸਾਈਬਰ ਅਪਰਾਧੀਆਂ ਨੇ 95 ਲੱਖ ਰੁਪਏ ਠੱਗੇ
ਗੂਗਲ ਤੋਂ ਕਸਟਮਰ ਕੇਅਰ ਦਾ ਨੰਬਰ ਲੱਭਣ ’ਤੇ 1.92 ਲੱਖ ਰੁਪਏ ਦਾ ਰਗੜਾ, ਕੇਸ ਦਰਜ
ਚੰਡੀਗੜ੍ਹ ਪੁਲੀਸ ਵੱਲੋਂ ਲੋਕਾਂ ਨੂੰ ਵਾਰ ਵਾਰ ਸਾਈਬਰ ਅਪਰਾਧ ਦੀਆਂ ਘਟਨਾਵਾਂ ਬਾਰੇ ਜਾਗਰੂਕ ਕੀਤੇ ਜਾਣ ਦੇ ਬਾਵਜੂਦ ਲੋਕ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਸਾਈਬਰ ਅਪਰਾਧ ਨਾਲ ਜੁੜੇ ਤਿੰਨ ਕੇਸਾਂ ਵਿੱਚ ਤਿੰਨ ਜਣਿਆਂ ਨੂੰ 95 ਲੱਖ ਰੁਪਏ ਦਾ ਚੂਨਾ ਲੱਗ ਗਿਆ ਹੈ।
ਪਹਿਲੀ ਘਟਨਾ ਸੈਕਟਰ 16 ਦੇ ਕਮਲਦੀਪ ਸਿੰਘ ਨਾਮ ਵਾਪਰੀ ਹੈ। ਉਸ ਨੂੰ ਗੂਗਲ ’ਤੇ ਕਿਸੇ ਕੰਪਨੀ ਦਾ ਕਸਟਮਰ ਕੇਅਰ ਨੰਬਰ ਲੱਭਣ ’ਤੇ ਹੀ 1.92 ਲੱਖ ਰੁਪਏ ਦਾ ਚੂਨਾ ਲੱਗ ਗਿਆ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸਾਈਬਰ ਸੈੱਲ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮਲਦੀਪ ਨੇ ਕਿਹਾ ਕਿ ਉਸ ਨੇ ਆਨਲਾਈਨ ਸਾਮਾਨ ਮੰਗਵਾਇਆ ਸੀ ਤਾਂ ਗ਼ਲਤੀ ਨਾਲ 500 ਰੁਪਏ ਵਾਧੂ ਦਿੱਤੇ ਗਏ ਸਨ। ਇਸ ਬਾਰੇ ਉਸ ਨੇ ਡਿਲੀਵਰੀ ਦੇਣ ਆਏ ਲੜਕੇ ਨਾਲ ਗੱਲ ਕੀਤੀ ਤਾਂ ਉਸ ਨੇ ਕਸਟਮਰ ਕੇਅਰ ’ਤੇ ਗੱਲ ਕਰਨ ਲਈ ਕਿਹਾ। ਸ਼ਿਕਾਇਤਕਰਤਾ ਨੇ ਸਬੰਧਤ ਕੰਪਨੀ ਦਾ ਨੰਬਰ ਗੂਗਲ ਤੋਂ ਕੱਢਿਆ ਤੇ ਸੰਪਰਕ ਕਰਨ ’ਤੇ ਕੁਝ ਲੋਕਾਂ ਨੇ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਹਾਸਲ ਕਰ ਲਈ। ਇਸ ਤੋਂ ਬਾਅਦ ਉਸ ਦੇ ਬੈਂਕ ਖਾਤੇ ਵਿੱਚੋਂ 1.92 ਲੱਖ ਰੁਪਏ ਕੱਢ ਲਏ। ਥਾਣਾ ਸਾਈਬਰ ਸੈੱਲ ਦੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਮਾਮਲੇ ਵਿੱਚ ਉਮੇਸ਼ ਕੁਮਾਰ ਵਾਸੀ ਸੈਕਟਰ 35 ਨੇ ਚੰਡੀਗੜ੍ਹ ਵਿੱਚ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਦਾ ਕਸਟਮਰ ਕੇਅਰ ਨੰਬਰ ਗੂਗਲ ’ਤੇ ਸਰਚ ਕਰ ਕੇ ਫੋਨ ਕੀਤਾ ਤਾਂ ਉਨ੍ਹਾਂ ਨੇ ਓ ਟੀ ਪੀ ਆਉਣ ਦਾ ਹਵਾਲਾ ਦਿੱਤਾ। ਉਸ ਨੇ ਜਿਵੇਂ ਹੀ ਓ ਟੀ ਪੀ ਸਾਂਝਾ ਕੀਤਾ ਤਾਂ ਉਸ ਦੇ ਖਾਤੇ ਵਿੱਚ ਪਏ 3.67 ਲੱਖ ਰੁਪਏ ਕੱਢ ਲਏ ਗਏ। ਇਸ ਬਾਰੇ ਉਮੇਸ਼ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਥਾਣਾ ਸਾਈਬਰ ਸੈੱਲ ਦੀ ਪੁਲੀਸ ਨੇ ਵੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਨਲਾਈਨ ਨਿਵੇਸ਼ ਦੇ ਨਾਮ ’ਤੇ 89.12 ਲੱਖ ਠੱਗੇ
ਚੰਡੀਗੜ੍ਹ ਦੇ ਸੈਕਟਰ 27 ਵਿੱਚ ਰਹਿਣ ਵਾਲੇ ਰਾਜਨ ਅਰੋੜਾ ਨਾਲ ਆਨਲਾਈਨ ਇਨਵੈਸਟਮੈਂਟ ਦੇ ਨਾਮ ’ਤੇ 89.12 ਲੱਖ ਰੁਪਏ ਦੀ ਧੋਖਾਧੜੀ ਹੋ ਗਈ ਹੈ। ਰਾਜਨ ਅਰੋੜਾ ਨੇ ਪੁਲੀਸ ਨੂੂੰ ਕਿਹਾ ਕਿ ਉਸ ਨੂੰ ਆਨਲਾਈਨ ਇੱਕ ਵਿਅਕਤੀ ਨੇ ਪੈਸੇ ਇਨਵੈਸਟ ਕਰ ਕੇ ਵਾਧੂ ਮੁਨਾਫ਼ੇ ਦਾ ਲਾਲਚ ਦਿੱਤਾ। ਇਸ ਤੋਂ ਬਾਅਦ ਉਸ ਨੇ ਵੱਖ ਵੱਖ ਕਿਸ਼ਤਾਂ ਵਿੱਚ ਵੱਡੀ ਰਕਮ ਇਨਵੈਸਟ ਕਰ ਦਿੱਤੀ, ਪਰ ਉਸ ਨੂੰ ਕੋਈ ਮੁਨਾਫ਼ਾ ਨਹੀਂ ਮਿਲਿਆ। ਥਾਣਾ ਸਾਈਬਰ ਸੈੱਲ ਦੀ ਪੁਲੀਸ ਨੇ ਤਿੰਨਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

