ਸੀਟੀਯੂ ਵੱਲੋਂ ਪੁਰਾਣੀਆਂ ਡੀਜ਼ਲ ਬੱਸਾਂ ਨੂੰ ਸੀਐੱਨਜੀ ਵਿੱਚ ਬਦਲਣ ਦੀ ਯੋਜਨਾ
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੇ ਸਥਾਨਕ ਰੂਟਾਂ ’ਤੇ ਚੱਲਣ ਵਾਲੀਆਂ ਪੁਰਾਣੀਆਂ ਡੀਜ਼ਲ ਬੱਸਾਂ ਦੀ ਮਿਆਦ ਨੂੰ ਪੂਰਾ ਹੋਣ ’ਤੇ 85 ਸੀਐੱਨਜੀ ਬੱਸਾਂ ਨੂੰ ਕਿਰਾਏ ’ਤੇ ਲੈਣ ਦੀ ਯੋਜਨਾ ਤਿਆਰ ਕੀਤੀ ਹੈ। ਜਿਨ੍ਹਾਂ ਨੂੰ ਤਿੰਨ ਤੋਂ ਚਾਰ ਮਹੀਨੇ ਲਈ ਕਿਰਾਏ ’ਤੇ ਲਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸੀਟੀਯੂ ਦੀਆਂ ਸਥਾਨਕ ਰੂਟਾਂ ’ਤੇ ਚੱਲਣ ਵਾਲੀਆਂ 85 ਡੀਜ਼ਲ ਬੱਸਾਂ ਦੀ ਮਿਆਦ ਨਵੰਬਰ ਮਹੀਨੇ ਵਿੱਚ ਪੂਰੀ ਹੋ ਰਹੀ ਹੈ, ਜਿਸ ਤੋਂ ਬਾਅਦ ਇਨ੍ਹਾਂ ਬੱਸਾਂ ਦੀ ਵਰਤੋਂ ਬੰਦ ਕਰ ਦਿੱਤੀ ਜਾਵੇਗਾ। ਇਸ ਦੌਰਾਨ ਨਵੀਂਆਂ ਇਲੈਕਟ੍ਰਿਕ ਬਸਾਂ ਦੀ ਆਮਦ ਹੋਣ ਤੱਕ ਸੀਟੀਯੂ ਵੱਲੋਂ 85 ਸੀਐੱਨਜੀ ਬੱਸਾਂ ਨੂੰ ਕਿਰਾਏ ’ਤੇ ਲੈਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੀਟੀਯੂ ਵੱਲੋਂ ਇਹ 85 ਡੀਜ਼ਲ ਬੱਸਾਂ ਦੀ ਮਿਆਦ ਪੁਰੀ ਹੁੰਦੀ ਵੇਖਦਿਆਂ 100 ਨਵੀਂਆਂ ਇਲੈਕਟ੍ਰਿਕ ਬੱਸਾਂ ਦੀ ਖਰੀਦ ਕਰਨ ਦਾ ਫੈਸਲਾ ਕੀਤਾ ਸੀ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਸੀ ਪਰ ਹਾਲੇ ਤੱਕ ਪ੍ਰਵਾਨਗੀ ਨਾ ਮਿਲਣ ਕਰਕੇ ਸੀਟੀਯੂ ਵੱਲੋਂ ਸੀਐੱਨਜੀ ਬੱਸਾਂ ਨੂੰ ਕਿਰਾਏ ’ਤੇ ਲੈਣ ਦਾ ਫੈਸਲਾ ਕੀਤਾ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿੱਤ ਵਰ੍ਹੇ ਦੇ ਆਖੀਰ ਤੱਕ 100 ਨਵੀਆਂ ਇਲੈਕਟ੍ਰਿਕ ਬੱਸਾਂ ਦੀ ਖਰੀਦ ਲਈ ਪ੍ਰਵਾਨਗੀ ਮਿਲ ਜਾਵੇਗੀ। ਸੀਟੀਯੂ ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸੀਟੀਯੂ ਦੀਆਂ 358 ਡੀਜ਼ਲ ਬੱਸਾਂ ਨੂੰ 2027-28 ਤੱਕ ਇਲੈਕਟ੍ਰਿਕ ਬੱਸਾਂ ’ਚ ਬਦਲਣ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਨਾਲ ਸਥਾਨਕ ਤੇ ਬਾਹਰੀ ਰੂਟਾਂ ’ਤੇ ਇਲੈਕਟ੍ਰਿਕ ਬੱਸਾਂ ਦੀ ਵਰਤੋਂ ਹੀ ਕੀਤੀ ਜਾ ਸਕੇ।