ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਪਾਣੀ ਕਾਰਨ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਤਹਿਸੀਲਾਂ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਕਿਸਾਨਾਂ ਦੀ ਮੱਕੀ ਅਤੇ ਪਾਪੂਲਰ ਦੀ ਫ਼ਸਲ ਪਾਣੀ ਵਿੱਚ ਡੁੱਬ ਚੁੱਕੀ ਹੈ। ਅੱਜ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ 12,800 ਕਿਊਸਿਕ ਪਾਣੀ ਛੱਡਿਆ ਗਿਆ ਜਦਕਿ ਭਾਖੜਾ ਨਹਿਰ ਵਿੱਚ 12,500 ਅਤੇ ਐੱਸਵਾਈਐੱਲ ਨਹਿਰ ਵਿੱਚ 10,100 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਐੱਸਵਾਈਐੱਲ ਨਹਿਰ ਦਾ ਲੋਡ ਖੱਡ ਰਾਹੀਂ ਦਰਿਆ ਵਿੱਚ ਪਾਣੀ ਪੈਣ ਨਾਲ ਸਤਲੁਜ ਦਰਿਆ ਵਿੱਚ ਕੁੱਲ 32,900 ਕਿਊਸਿਕ ਪਾਣੀ ਕਾਰਨ ਲੋਕਾਂ ਦੇ ਸਾਹ ਸੂਤੇ ਗਏ ਹਨ। ਜਾਣਕਾਰੀ ਮੁਤਾਬਕ ਬੇਲਿਆਂ ਪਿੰਡ ਵਿੱਚ ਕੋਈ ਖਤਰਾ ਨਹੀਂ ਦੱਸਿਆ ਗਿਆ ਜਦਕਿ ਫ਼ਸਲਾਂ ਵਿੱਚ ਪਾਣੀ ਘੁੰਮ ਰਿਹਾ ਹੈ। ਪਿੰਡ ਅਮਰਪੁਰ ਬੇਲਾ, ਬੁਰਜ, ਖੇੜੀ, ਚਨੌਲੀ, ਬੱਸੀ ਸਮੇਤ ਦਰਜਨ ਤੋਂ ਵੱਧ ਪਿੰਡਾਂ ਵਿੱਚ ਪਾਣੀ ਨੇ ਅਸਰ ਦਿਖਾਇਆ ਹੈ। ਪਿੰਡ ਖੇੜੀ ਦੇ ਘਰ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਡੰਗਰਾਂ ਵਾਲੇ ਵਾੜਿਆਂ ਵਿੱਚ ਕਾਫੀ ਪਾਣੀ ਭਰ ਗਿਆ ਹੈ। ਬੱਸੀ ਦੀ ਸ਼ਮਸ਼ਾਨਘਾਟ ਲਾਗੇ ਨੂੂਰਪੁਰ ਬੇਦੀ ਤੋਂ ਬੁੰਗਾ ਸਾਹਿਬ ਸੜਕ ਦੇ ਉਪਰੋਂ ਪਾਣੀ ਜਾ ਰਿਹਾ ਹੈ। ਸਰਾਂ ਪੱਤਣ ਨਜ਼ਦੀਕ ਪਾਣੀ ਦਰਿਆਂ ਦੇ ਕੰਢਿਆਂ ਤੋਂ ਬਾਹਰ ਆ ਗਿਆ ਹੈ। ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਨੇ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਜੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਵਰਖਾ ਹੁੰਦੀ ਹੈ ਤਾਂ ਭਾਖੜਾ ਡੈਮ ਦੇ ਫਲੱਡ ਗੇਟਾਂ ਰਾਹੀਂ ਵੱਧ ਪਾਣੀ ਛੱਡੇ ਜਾਣ ਨਾਲ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਵਿਗੜ ਸਕਦੀ ਹੈ। ਨਾਇਬ ਤਹਿਸੀਲਦਾਰ ਸੁਨੀਤਾ ਖਿਲਨ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਅਮਰਪੁਰ ਬੇਲਾ ਦੇ ਚਨੌਲੀ ਪਿੰਡ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ।
+
Advertisement
Advertisement
Advertisement
×