ਕੁਲਦੀਪ ਸਿੰਘ
ਚੰਡੀਗੜ੍ਹ, 16 ਮਈ
ਸਥਾਨਕ ਸ਼ਹਿਰ ਦੇ ਪੁਲੀਸ ਸਟੇਸ਼ਨ 31 ਅਧੀਨ ਖੇਤਰ ਵਿੱਚ ਆਉਂਦੇ ਕੈਕਟਸ ਪਾਰਕ ਦੇ ਨੇੜੇ ਕ੍ਰਿਕਟ ਖੇਡ ਰਹੇ ਸਾਗਰ ਰਾਜਪੂਤ ਨਾ ਦੇ ਨੌਜਵਾਨ ਦਾ ਕੁਝ ਨਾਬਾਲਗ ਨੌਜਵਾਨਾਂ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਮਹੇਸ਼ ਕੁਮਾਰ ਦੇ ਬਿਆਨਾਂ ’ਤੇ ਪੁਲੀਸ ਨੇ ਕਈ ਨੌਜਵਾਨਾਂ ਖਿਲਾਫ਼ ਕਤਲ ਕੇਸ ਦਰਜ ਕਰਨ ਮਗਰੋਂ ਮਾਮਲੇ ’ਚ ਪੰਜ ਨਾਬਾਲਗ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਚੰਡੀਗੜ੍ਹ ਪੁਲੀਸ ਨੇ ਦੱਸਿਆ ਗਿਆ ਕਿ ਇਹ ਕਾਰਵਾਈ ਈ.ਡਬਲਿਯੂ.ਐੱਸ. ਫਲੈਟਸ ਫੇਜ਼-2, ਰਾਮਦਰਬਾਰ (ਚੰਡੀਗੜ੍ਹ) ਵਾਸੀ ਮਹੇਸ਼ ਕੁਮਾਰ ਦੇ ਬਿਆਨਾਂ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਸ਼ਿਕਾਇਤ ਵਿੱਚ ਦੱਸਿਆ ਸੀ ਕਿ 15 ਮਈ ਸ਼ਾਮ 7 ਵਜੇ ਦੇ ਕਰੀਬ ਉਹ ਕੈਕਟਸ ਪਾਰਕ ਫੇਜ਼ 2 ਰਾਮਦਰਬਾਰ ਚੰਡੀਗੜ੍ਹ ਵਿੱਚ ਸੈਰ ਲਈ ਆਇਆ ਤਾਂ ਉਥੇ ਕੁਝ ਲੜਕੇ ਉਸ ਦੇ ਪੁੱਤਰ ਸਾਗਰ ਰਾਜਪੂਤ ਦੀ ਕੁੱਟਮਾਰ ਕਰ ਰਹੇ ਸਨ, ਜਿਨ੍ਹਾਂ ਨੇ ਸਾਗਰ ’ਤੇ ਚਾਕੂਆਂ ਨਾਲ ਕਈ ਵਾਰ ਕੀਤੇ। ਉਸ ਵੱਲੋਂ ਦਖਲ ਦੇਣ ’ਤੇ ਉਹ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਏ। ਮਹੇਸ਼ ਮੁਤਾਬਕ ਲੋਕਾਂ ਦੀ ਮੱਦਦ ਨਾਲ ਉਹ ਜ਼ਖਮੀ ਸਾਗਰ ਨੂੰ ਸੈਕਟਰ 32 ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸਾਗਰ ਵੱਲੋਂ ਪਾਰਕ ’ਚ ਕ੍ਰਿਕਟ ਖੇਡਦੇ ਸਮੇਂ ਗੇਂਦ ਕੁਝ ਨੌਜਵਾਨਾਂ ਦੇ ਵੱਜਣ ਨੂੰ ਉਸ ਦੇ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ।

