ਕੌਂਸਲ ਵੱਲੋਂ ਡਰੇਨ ਤੇ ਨਾਲਿਆਂ ਦੀ ਸਫ਼ਾਈ ਸ਼ੁਰੂ
ਪੱਤਰ ਪ੍ਰੇਰਕ
ਬਨੂੜ, 8 ਜੁਲਾਈ
ਨਗਰ ਕੌਂਸਲ ਬਨੂੜ ਵੱਲੋਂ ਸ਼ਹਿਰ ਦੀ ਹਦੂਦ ਵਿੱਚੋਂ ਲੰਘਦੀ ਡਰੇਨ ਅਤੇ ਵੱਡੇ ਨਾਲਿਆਂ ਦੀ ਅੱਜ ਜੇਸੀਬੀ ਮਸ਼ੀਨ ਨਾਲ ਸਫ਼ਾਈ ਆਰੰਭ ਕਰਵਾਈ ਗਈ। ਨਾਲਿਆਂ ਦੀ ਸਫ਼ਾਈ ਨਾ ਹੋਣ ਸਬੰਧੀ ਬੀਤੇ ਦਿਨੀਂ ‘ਪੰਜਾਬੀ ਟ੍ਰਿਬਿਊਨ’ ਵੱਲੋਂ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ।
ਕੌਂਸਲ ਵੱਲੋਂ ਅੱਜ ਬਸੀ ਹਵੇਲੀ ਅਤੇ ਹੋਰਨਾਂ ਖੇਤਰਾਂ ਵਿੱਚ ਡਰੇਨ ਅਤੇ ਨਾਲਿਆਂ ਦੀ ਸਫ਼ਾਈ ਕਰਾਈ ਗਈ। ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਕੌਂਸਲ ਵੱਲੋਂ ਸ਼ਹਿਰ ਦੀ ਹਦੂਦ ਵਿੱਚ ਪੈਂਦੇ ਜ਼ਿਆਦਾਤਰ ਨਾਲੇ ਪਹਿਲਾਂ ਵੀ ਸਾਫ਼ ਕਰਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਸਾਰੇ ਨਾਲੇ ਅਤੇ ਚੋਅ ਦੀ ਸਫ਼ਾਈ ਪੂਰੀ ਤਰ੍ਹਾਂ ਕਰਵਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਾਹਰਵਾਰ ਲੰਘਦੀ ਡਰੇਨ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਡਰੇਨ ਦੀ ਸਫ਼ਾਈ ਕਰਾਉਣ ਲਈ ਡਰੇਨੇਜ਼ ਵਿਭਾਗ ਨੂੰ ਕੌਂਸਲ ਵੱਲੋਂ ਲਿਖਤੀ ਪੱਤਰ ਵੀ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਬਰਸਾਤੀ ਪਾਣੀ ਦੀ ਮਾਰ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਸ਼ਹਿਰ ਦੇ ਦੁਕਾਨਦਾਰਾਂ ਅਤੇ ਵੱਖ-ਵੱਖ ਵਾਰਡਾਂ ਦੇ ਵਸਨੀਕਾਂ ਨੇ ਅਦਾਰਾ ‘ਪੰਜਾਬੀ ਟ੍ਰਿਬਿਊਨ’ ਦਾ ਲੋਕ ਹਿਤੈਸ਼ੀ ਮੰਗ ਉਭਾਰਨ ਅਤੇ ਹੱਲ ਕਰਾਉਣ ਲਈ ਧੰਨਵਾਦ ਕੀਤਾ ਹੈ।