ਨਿਗਮ ਵੱਲੋਂ ਕਮਿਊਨਿਟੀ ਕੇਂਦਰਾਂ ਦੇ ਕਿਰਾਏ ’ਚ ਵਾਧੇ ’ਤੇ ਮੋਹਰ
ਨਗਰ ਨਿਗਮ ਮੇਅਰ ਹਰਪ੍ਰੀਤ ਕੌਰ ਬਬਲਾ ਦੀ ਪ੍ਰਧਾਨਗੀ ਹੇਠ ਅੱਜ ਹੋਈ ਮੀਟਿੰਗ ਵੀ ਹੰਗਾਮਾ ਭਰਪੂਰ ਰਹੀ। ਪਿਛਲੀਆਂ ਮੀਟਿੰਗਾਂ ਵਿੱਚ ਲਮਕਦਾ ਆ ਰਿਹਾ ਕਮਿਊਨਿਟੀ ਸੈਂਟਰਾਂ ਦੇ ਕਿਰਾਏ ’ਚ ਵਾਧੇ ਦਾ ਮਤਾ ਭਾਵੇਂ ਅੱਜ ਸਿਰੇ ਚੜ੍ਹ ਗਿਆ ਪਰ ਏਜੰਡੇ ਮੁਤਾਬਕ ਭਾਰੀ ਵਾਧਾ ਨਹੀਂ ਕੀਤਾ ਜਾ ਸਕਿਆ। ਇਸ ਏਜੰਡੇ ਦਾ ‘ਆਪ’ ਕੌਂਸਲਰਾਂ ਹਰਦੀਪ ਸਿੰਘ ਬੁਟੇਰਲਾ, ਯੋਗੇਸ਼ ਢੀਂਗਰਾ, ਪ੍ਰੇਮ ਲਤਾ ਸਣੇ ਕਾਂਗਰਸੀ ਕੌਂਸਲਰਾਂ ਨੇ ਵਿਰੋਧ ਕੀਤਾ। ਇਸ ਕਰ ਕੇ ਕਮਿਊਨਿਟੀ ਸੈਂਟਰਾਂ ਦੇ ਕਿਰਾਇਆਂ ਵਿੱਚ ਏ-ਸ਼੍ਰੇਣੀ ਲਈ ਤਿੰਨ ਹਜ਼ਾਰ ਰੁਪਏ, ਬੀ-ਸ਼੍ਰੇਣੀ ਦੋ ਹਜ਼ਾਰ ਰੁਪਏ ਅਤੇ ਸੀ-ਸ਼੍ਰੇਣੀ ਲਈ ਇੱਕ ਹਜ਼ਾਰ ਰੁਪਏ ਤੱਕ ਵਾਧਾ ਕੀਤਾ ਗਿਆ।
ਗਰੀਬ ਪਰਿਵਾਰਾਂ ਨੂੰ ਕਮਿਊਨਿਟੀ ਸੈਂਟਰ ਮੁਫ਼ਤ ਦਿੱਤੇ ਜਾਣ ਸਬੰਧੀ ਆਨਾਕਾਨੀ ਕੀਤੇ ਜਾਣ ’ਤੇ ਕਾਂਗਰਸੀ ਕੌਂਸਲਰਾਂ ਵਿੱਚ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ, ਗੁਰਪ੍ਰੀਤ ਸਿੰਘ ਗਾਬੀ, ਕੌਂਸਲਰ ਸਚਿਨ ਗਾਲਵ ਅਤੇ ‘ਆਪ’ ਦੀ ਪ੍ਰੇਮ ਲਤਾ ਨੇ ਹੰਗਾਮਾ ਕੀਤਾ। ਉਨ੍ਹਾਂ ਫਰਸ਼ ’ਤੇ ਬੈਠ ਕੇ ਬੁਕਿੰਗ ਮੁਫ਼ਤ ਕਰਨ ਦੀ ਮੰਗ ਰੱਖੀ। ਇਸ ਉਪਰੰਤ ਫ਼ੈਸਲਾ ਹੋਇਆ ਕਿ ਰਾਸ਼ਨ ਕਾਰਡ ਤੋਂ ਸਬਸਿਡੀ (ਡੀਬੀਟੀ) ਲੈਣ ਵਾਲੇ ਪਰਿਵਾਰ, ਈਡਬਲਿਯੂਐੱਸ ਕੋਟੇ ਵਾਲ਼ੇ, ਲੇਬਰ ਕਾਰਡ, ਕਿਸਾਨ ਕਾਰਡ, ਐਕਸ ਸਰਵਿਸਮੈਨ, ਵਿਧਵਾਵਾਂ ਆਦਿ ਨੂੰ ਉਨ੍ਹਾਂ ਦੇ ਇਲਾਕੇ ਦਾ ਕਮਿਊਨਿਟੀ ਸੈਂਟਰ ਮੁਫ਼ਤ ਵਿੱਚ ਦਿੱਤਾ ਜਾ ਸਕੇਗਾ। ਇਲਾਕਾ ਕੌਂਸਲਰ ਇੱਕ ਸਾਲ ’ਚ ਆਪਣੀ ਸਿਫ਼ਾਰਸ਼ ਨਾਲ 20 ਬੁਕਿੰਗਾਂ ਕਰਵਾ ਸਕੇਗਾ।
ਕੌਂਸਲਰ ਗਾਬੀ ਨੇ ਸੈਕਟਰ 31 ਤੋਂ 63 ਸੈਕਟਰਾਂ ਵਿੱਚ ਕੰਮ ਕਰ ਰਹੇ ਸਫ਼ਾਈ ਸੇਵਕਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਹਾਲੇ ਤੱਕ ਇਨ੍ਹਾਂ ਕਾਮਿਆਂ ਨੂੰ ਉਨ੍ਹਾਂ ਦੇ ਕੋਟੇ ਦਾ ਗੁੜ, ਤੇਲ ਅਤੇ ਸਾਬਣ ਆਦਿ ਨਹੀਂ ਮਿਲਿਆ ਜਦੋਂਕਿ ਕੰਪਨੀ ਦਾ ਠੇਕਾ ਖ਼ਤਮ ਹੋਣ ਕਿਨਾਰੇ ਹੈ। ਉਨ੍ਹਾਂ ਨੇ ਬੰਦ ਪਈਆਂ ਸਟ੍ਰੀਟ ਲਾਈਟਾਂ ਸਣੇ ਹੜਤਾਲ ’ਤੇ ਬੈਠੇ ਸੀਵਰੇਜ ਤੇ ਸਫ਼ਾਈ ਕਾਮਿਆਂ ਦਾ ਮੁੱਦਾ ਵੀ ਚੁੱਕਿਆ। ਕੌਂਸਲਰ ਜਸਵਿੰਦਰ ਕੌਰ ਨੇ ਨਗਰ ਨਿਗਮ ਅਧੀਨ ਆ ਚੁੱਕੀਆਂ ਸਰਕਾਰੀ ਦੁਕਾਨਾਂ ਨੂੰ ਫਿਰ ਤੋਂ ਬੋਲੀ ਰਾਹੀਂ ਕਿਰਾਏ ਉਤੇ ਦਿੱਤੇ ਜਾਣ ਦੀ ਮੰਗ ਰੱਖੀ।
ਮਨੀਮਾਜਰਾ ਖੇਤਰ ਤੋਂ ਕੌਂਸਲਰ ਸੁਮਨ ਨੇ ਕਿਹਾ ਕਿ ਪਿਛਲੇ ਸਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 75 ਕਰੋੜ ਦੇ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਦੇ ਬਾਵਜੂਦ ਮਨੀਮਾਜਰਾ ਵਾਸੀ ਪਾਣੀ ਨੂੰ ਤਰਸ ਰਹੇ ਹਨ।
ਟਿਊਬਵੈੱਲ ਅਪਰੇਟਰਾਂ ਦੀ ਭਰਤੀ ’ਤੇ ਉੱਠੇ ਸਵਾਲ
ਮੀਟਿੰਗ ਵਿੱਚ ਟਿਊਬਵੈੱਲਾਂ ਤੋਂ ਪੁਰਾਣੇ ਅਤੇ ਤਜਰਬੇਕਾਰ ਅਪਰੇਟਰਾਂ ਨੂੰ ਹਟਾ ਕੇ ਨਵੇਂ ਅਪਰੇਟਰਾਂ ਦੀ ਨਿਯੁਕਤੀ ਤੋਂ ਵੀ ਹੰਗਾਮਾ ਹੋਇਆ। ‘ਆਪ’ ਦੇ ਕੌਂਸਲਰ ਦਮਨਪ੍ਰੀਤ ਸਿੰਘ ਅਤੇ ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਇਸ ਨੂੰ ਭਰਤੀ ਘਪਲਾ ਕਰਾਰ ਦਿੱਤਾ।
ਕੂੜਾ ਪ੍ਰਾਸੈਸਿੰਗ ਪਲਾਂਟ ਦੀ ਬਦਹਾਲੀ ਦਾ ਮੁੱਦਾ ਉੱਭਰਿਆ
ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਸ਼ਰਮਾ ਅਤੇ ‘ਆਪ’ ਕੌਂਸਲਰ ਸੁਮਨ ਸ਼ਰਮਾ ਨੇ ਸ਼ਹਿਰ ਵਿੱਚ ਕੂੜਾ ਪ੍ਰਾਸੈਸਿੰਗ ਪਲਾਂਟ ਦੀ ਬਦਹਾਲ ਸਥਿਤੀ ਦਾ ਮੁੱਦਾ ਉਭਾਰਿਆ। ਉਨ੍ਹਾਂ ਦੋਸ਼ ਲਗਾਇਆ ਕਿ ਪਲਾਂਟ ਵਿੱਚ ਮਹੀਨਿਆਂ ਤੋਂ ਕਚਰਾ ਅਤੇ ਪੁਰਾਣੇ ਕੱਪੜਿਆਂ ਦੇ ਢੇਰ ਲੱਗੇ ਹੋਏ ਹਨ ਤੇ ਮਸ਼ੀਨਰੀ ਖ਼ਰਾਬ ਪਈ ਹੈ।