ਸ਼ਾਲੀਮਾਰ ਐਨਕਲੇਵ ਵਿੱਚ ਰੁੱਖ ਵੱਢਣ ਤੋਂ ਵਿਵਾਦ
ਵਿਰੋਧ ਕਰਨ ਵਾਲੇ ਗੁਆਂਢੀ ਦੀ ਕੁੱਟਮਾਰ ਤੇ ਘਰ ’ਚ ਭੰਨਤੋੜ ਕੀਤੀ; ਮਾਮਲੇ ਦੀ ਪੁਲੀਸ ਕੋਲ ਸ਼ਿਕਾਇਤ
ਢਕੋਲੀ ਖੇਤਰ ਵਿੱਚ ਪੈਂਦੇ ਸ਼ਾਲੀਮਾਰ ਐਨਕਲੇਵ ਵਿੱਚ 15 ਸਾਲ ਪੁਰਾਣਾ ਹਰਾ-ਭਰਾ ਦਰੱਖ਼ਤ ਬਿਨਾਂ ਆਗਿਆ ਵੱਢਣ ਤੋਂ ਵਿਵਾਦ ਹੋ ਗਿਆ। ਰੁੱਖ ਵੱਢਣ ਵਾਲੇ ਵਿਅਕਤੀ ਨੇ ਇਸ ਦਾ ਵਿਰੋਧ ਕਰਨ ਵਾਲੇ ਗੁਆਂਢੀ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਕੁੱਟਮਾਰ ਦੀ ਇਹ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਘਟਨਾ ਦੇ ਵਿਰੋਧ ਵਿੱਚ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਗਲੀ ਵਿੱਚ ਹੀ ਇਕ ਵਿਅਕਤੀ ਨਵਾਂ ਘਰ ਬਣਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਵੱਲੋਂ ਬਿਨਾਂ ਕਿਸੇ ਮਨਜ਼ੂਰੀ ਦੇ ਹਰਾ ਭਰਾ ਦਰਖ਼ਤ ਕੱਟ ਦਿੱਤਾ ਗਿਆ। ਰੁੱਖ ਵੱਢਣ ਦਾ ਉਸ ਦੇ ਗੁਆਂਢੀ ਕਮਲਜੀਤ ਨੇ ਵਿਰੋਧ ਕੀਤਾ ਤਾਂ ਉਸ ਵਿਅਕਤੀ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਕਮਲਜੀਤ ’ਤੇ ਹਮਲਾ ਕਰ ਦਿੱਤਾ। ਕਮਲਜੀਤ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀ ਕੁੱਟਮਾਰ ਅਤੇ ਘਰ ਵਿੱਚ ਵੜ ਕੇ ਭੰਨਤੋੜ ਕੀਤੀ। ਗਲੀ ਵਿੱਚ ਇਕੱਠੇ ਹੋਏ ਲੋਕਾਂ ਨੇ ਦਰਖ਼ਤ ਕੱਟਣ ਵਾਲੇ ਵਿਅਕਤੀ ਖਿਲਾਫ਼ ਪੁਲੀਸ ਨੂੰ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਪੁਲੀਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਕਿਹਾ ਕਿ ਜਾਂਚ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

