ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਕਰਕੇ ਕੌਂਸਲ ਦਫ਼ਤਰ ਅੱਗੇ ਧਰਨਾ
ਧਰਨੇ ਵਿੱਚ ਕੌਂਸਲ ਪ੍ਰਧਾਨ ਤੇ ਕਾਂਗਰਸ ਪੱਖੀ ਕੌਂਸਲਰਾਂ ਨੇ ਵੀ ਸ਼ਮੂਲੀਅਤ ਕੀਤੀ
ਨਗਰ ਕੌਂਸਲ ਦੇ ਠੇਕਾ ਅਧਾਰਿਤ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਮਾਮਲੇ ਵਿੱਚ ਸਰਕਾਰ ਵਲੋਂ ਕੀਤੀ ਜਾ ਰਹੀ ਸਿੱਧੀ ਦਖ਼ਲਅੰਦਾਜ਼ੀ ਨੂੰ ਲੈ ਕੇ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਅਤੇ ਵਾਪਰ ਸਪਲਾਈ ਵਿੰਗ ਦੇ ਟਿਊਬਵੈੱਲ ਅਪਰੇਟਰਾਂ ਨੇ ਅੱਜ ਮੁਕੰਮਲ ਹੜਤਾਲ ਕਰਕੇ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਕੌਂਸਲ ਦੇ ਕਰਮਚਾਰੀ ਆਗੂਆਂ ਸ਼ਿਵ ਕੁਮਾਰ (ਸੂਬਾ ਮੀਤ ਪ੍ਰਧਾਨ ), ਸ਼ੇਖਰ ਕੁਮਾਰ, ਰਾਕੇਸ਼ ਕੁਮਾਰ, ਹੈਪੀ ਸੂਦ, ਸੁਖਰਾਜ ਸਿੰਘ, ਵਿੱਕੀ ਕੁਮਾਰ ਨੇ ਦੱਸਿਆ ਕਿ ਉਹ ਲੰਮੇਂ ਸਮੇਂ ਤੋਂ ਕੌਂਸਲ ਵਿੱਚ ਠੇਕੇ ਦੇ ਆਧਾਰ ’ਤੇ ਕੰਮ ਕਰਦੇ ਆ ਰਹੇ ਹਨ ਅਤੇ ਇਹ ਠੇਕਾ ਕੌਂਸਲ ਵੱਲੋਂ ਟੈਂਡਰ ਲਗਾ ਕੇ ਦਿੱਤਾ ਜਾਂਦਾ ਰਿਹਾ ਹੈ ਪਰ ਹੁਣ ਸਰਕਾਰ ਵੱਲੋਂ ਸਿੱਧਾ ਹੀ ਆਪਣੇ ਚਹੇਤਿਆਂ ਨੂੰ ਠੇਕਾ ਦਿੱਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਉਨ੍ਹਾਂ ਦਾ ਰੁਜ਼ਗਾਰ ਖੋਹਣ ਦੇ ਰਾਹ ਤੁਰੀ ਹੋਈ ਹੈ। ਧਰਨਾਕਾਰੀ ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਠੇਕਾ ਮੁਲਾਜ਼ਮਾਂ ਦੀ ਨਿਯੁਕਤੀ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਖਤਮ ਕਰਨ ਅਤੇ ਪਹਿਲਾਂ ਵਾਲਾ ਸਿਸਟਮ ਚੱਲਦੇ ਰਹਿਣ ਤੋਂ ਇਲਾਵਾ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ।
ਕੌਂਸਲ ਕਰਮਚਾਰੀਆਂ ਦੇ ਵੱਲੋਂ ਦਿੱਤੇ ਰੋਸ ਧਰਨੇ ਵਿੱਚ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਵਿੱਚ ਕਾਂਗਰਸ ਪੱਖੀ ਕੌਂਸਲਰਾਂ ਰਮਾਕਾਂਤ ਕਾਲੀਆ, ਹੈਪੀ ਧੀਮਾਨ, ਸਿਟੀ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੌਤਮ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲ ਪ੍ਰਧਾਨ ਜੀਤੀ ਪਡਿਆਲਾ ਨੇ ਕਿਹਾ ਕਿ ਸਰਕਾਰ ਹਰ ਵਰਗ ਦੇ ਪੰਜਾਬੀਆਂ ਨਾਲ ਧੱਕਾ ਕਰਨ ’ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦਾ ਹਾਊਸ ਅਜਿਹੀ ਨਿਯੁਕਤੀ ਪ੍ਰਕਿਰਿਆ ਨੂੰ ਪਹਿਲਾਂ ਹੀ ਰੱਦ ਕਰ ਚੁੱਕਾ ਹੈ। ਹਾਊਸ ਵਿੱਚ ਮਤਾ ਪਾਸ ਨਾ ਹੋਣ ਦੇ ਬਾਵਜੂਦ ਸਰਕਾਰ ਵਲੋਂ ਕੌਂਸਲ ਦੇ ਅਧਿਕਾਰੀਆਂ ’ਤੇ ਦਬਾਅ ਪਾ ਰਹੀ ਹੈ ਅਤੇ ਸਿੱਧੇ ਤੌਰ ’ਤੇ ਟੈਂਡਰ ਲਗਾ ਕੇ ਠੇਕਾ ਮੁਲਾਜ਼ਮਾਂ ਲਈ ਨਵੀਂ ਭਰਤੀ ਪ੍ਰਕਿਰਿਆ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਚਹੇਤਿਆਂ ਨੂੰ ਠੇਕਾ ਦੇ ਕੇ ਸਿੱਧਾ ਲਾਹਾ ਪਹੁੰਚਾਉਣ ਦੀ ਤਾਕ ਵਿੱਚ ਹੈ।
ਜੀਤੀ ਪਡਿਆਲਾ ਨੇ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ ਸਗੋਂ ਕਾਂਗਰਸ ਪਾਰਟੀ ਮੁਲਾਜ਼ਮਾਂ ਦੇ ਸੰਘਰਸ਼ ਦਾ ਡਟ ਕੇ ਸਾਥ ਦੇਵੇਗੀ। ਇਸ ਮੌਕੇ ਧਰਨਾਕਾਰੀ ਠੇਕਾ ਮੁਲਾਜ਼ਮਾਂ ਨੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਤੇ ਕੰਮ ਠੱਪ ਰੱਖਣ ਦਾ ਐਲਾਨ ਵੀ ਕੀਤਾ।

