ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਕਾਂਸਟੇਬਲ ਦੀ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਮਈ
ਇੱਥੋਂ ਦੇ ਸੈਕਟਰ-9 ਵਿੱਚ ਸਥਿਤ ਚੰਡੀਗੜ੍ਹ ਪੁਲੀਸ ਦੇ ਹੈਡਕੁਆਰਟਰ ਦੇ ਨਜ਼ਦੀਕ ਲੰਘੀ ਰਾਤ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਚੰਡੀਗੜ੍ਹ ਪੁਲੀਸ ਦੇ ਕਾਂਸਟੇਬਲ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਆਨੰਦ ਦੇਵ ਵਜੋਂ ਹੋਈ ਹੈ ਜੋ ਸੈਕਟਰ-26 ਵਿੱਚ ਸਥਿਤ ਪੁਲੀਸ ਲਾਈਨ ਵਿੱਚ ਰਹਿੰਦਾ ਸੀ ਅਤੇ ਸੈਕਟਰ-9 ਵਿੱਚ ਸਥਿਤ ਪੁਲੀਸ ਹੈਡਕੁਆਰਟਰ ਵਿੱਚ ਤਾਇਨਾਤ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-3 ਦੀ ਪੁਲੀਸ ਨੇ ਕਾਰ ਚਾਲਕ ਇਸ਼ਾਨ ਸ਼ੰਕਰ ਵਾਸੀ ਪੰਚਕੂਲਾ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਨੰਦ ਦੇਵ ਲੰਘੀ ਰਾਤ ਸਾਈਕਲ ’ਤੇ ਸਵਾਰ ਹੋ ਕੇ ਪੁਲੀਸ ਹੈਡਕੁਆਰਟਰ ਤੋਂ ਜਾ ਰਿਹਾ ਸੀ, ਉਹ ਹੈਡਕੁਆਰਟਰ ਤੋਂ ਕੁਝ ਹੀ ਦੂਰੀ ’ਤੇ ਸੈਕਟਰ-9 ਤੇ 10 ਵਾਲੀ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਸ ਦੇ ਸਾਈਕਲ ਵਿੱਚ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਵੱਜਣ ਕਾਰਨ ਆਨੰਦ ਦੇਵ 20 ਮੀਟਰ ਦੂਰ ਜਾ ਕੇ ਡਿੱਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸੈਕਟਰ-3 ਦੀ ਪੁਲੀਸ ਨੇ ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਥਾਣਾ ਸੈਕਟਰ-3 ਦੀ ਪੁਲੀਸ ਨੇ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।