ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾਂ ਸਮੇਂ ਦੀ ਵੱਡੀ ਲੋੜ: ਪਡਿਆਲਾ
ਇੱਥੋਂ ਦੇ ਹੈਂਡਬਾਲ ਕਲੱਬ ਵੱਲੋਂ ਸਥਾਨਕ ਸਿੰਘਪੁਰਾ ਰੋਡ ਸਥਿੱਤ ਖੇਡ ਸਟੇਡੀਅਮ ਵਿੱਚ ਹੈਂਡਬਾਲ ਦੇ ਸ਼ੋਅ ਮੈਚ ਕਰਵਾਏ ਗਏ। ਇਸ ਦਾ ਉਦਘਾਟਨ ਉੱਘੇ ਖੇਡ ਪ੍ਰਮੋਟਰ, ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕੀਤਾ। ਉਨ੍ਹਾਂ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ।
ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ। ਖੇਡਾਂ ਨਾਲ ਜਿੱਥੇ ਨੌਜਵਾਨ ਤੰਦਰੁਸਤ ਰਹਿੰਦੇ ਹਨ, ਉੱਥੇ ਉਨ੍ਹਾਂ ਦਾ ਧਿਆਨ ਨਸ਼ਿਆਂ ਤੋਂ ਵੀ ਦੂਰ ਰਹਿੰਦਾ ਹੈ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੇ ਸਮੂਹ ਕਲੱਬਾਂ ਨੂੰ ਖੇਡ ਮੇਲੇ ਕਰਵਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਸ੍ਰੀ ਪਡਿਆਲਾ ਨੇ ਸਰਕਾਰਾਂ ਨੂੰ ਵੀ ਖਿਡਾਰੀਆਂ ਤੇ ਖੇਡਾਂ ਨੂੰ ਵਧੇਰੇ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਹੈਂਡਬਾਲ ਦਾ ਸ਼ੋਅ ਮੈਚ ਕੁਰਾਲੀ ਕਲੱਬ ਅਤੇ ਆਰਮੀ ਚੰਡੀਮੰਦਰ ਦੀ ਟੀਮ ਵਿਚਾਲੇ ਖੇਡਿਆ ਗਿਆ। ਇਸ ਰੋਮਾਂਚਕ ਮੁਕਾਬਲੇ ਵਿੱਚ ਆਰਮੀ ਚੰਡੀਮੰਦਰ ਦੀ ਟੀਮ ਨੇ ਜਿੱਤ ਹਾਸਲ ਕਰਦੇ ਹੋਏ ਇਨਾਮੀ ਟਰਾਫ਼ੀ ਆਪਣੇ ਨਾਂ ਕੀਤੀ।
ਜੇਤੂ ਖਿਡਾਰੀਆਂ ਨੂੰ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਇਨਾਮਾਂ ਦੀ ਵੰਡ ਕੀਤੀ ਅਤੇ ਸਫ਼ਲਤਾ ਲਈ ਵਧਾਈ ਵੀ ਦਿੱਤੀ ਗਈ। ਇਸ ਮੌਕੇ ਯਾਦਵਿੰਦਰ ਸਿੰਘ, ਕਲੱਬ ਪ੍ਰਧਾਨ ਸਤਨਾਮ ਸਿੰਘ ਰਾਣਾ, ਮੁਕੇਸ਼ ਰਾਣਾ ਚਨਾਲੋਂ,ਕੋਚ ਹਰਵਿੰਦਰ ਸਿੰਘ (ਕੋਚ), ਸ਼ਿਵ ਕੁਮਾਰ, ਲਖਵਿੰਦਰ ਸਿੰਘ, ਹਰਮੋਹਣ ਸਿੰਘ ਆਦਿ ਪਤਵੰਤਿਆਂ ਤੋਂ ਇਲਾਵਾ ਖਿਡਾਰੀ ਹਾਜ਼ਰ ਸਨ।