ਪ੍ਰਾਪਰਟੀ ਟੈਕਸ ਵਾਧੇ ਖ਼ਿਲਾਫ਼ ਕਾਂਗਰਸ ਵੱਲੋਂ ਨਿਗਮ ਦਫ਼ਤਰ ਦਾ ਘਿਰਾਓ
ਕੁਲਦੀਪ ਸਿੰਘ
ਚੰਡੀਗੜ੍ਹ, 4 ਅਪਰੈਲ
ਚੰਡੀਗੜ੍ਹ ਕਾਂਗਰਸ ਨੇ ਅੱਜ ਸੈਕਟਰ-17 ਸਥਿਤ ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਦੀ ਮਿਲੀਭੁਗਤ ਨਾਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪ੍ਰਾਪਰਟੀ ਟੈਕਸ ਵਿੱਚ ਕੀਤੇ ਗਏ ਭਾਰੀ ਵਾਧੇ, ਸੈਂਕੜੇ ਆਊਟਸੋਰਸਡ ਕਾਮਿਆਂ ਨੂੰ ਨੌਕਰੀ ਤੋਂ ਕੱਢਣ ਸਮੇਤ ਪਾਣੀ ਅਤੇ ਬਿਜਲੀ ਦੇ ਬਿੱਲਾਂ ਵਿੱਚ ਵਾਧੇ ਕੀਤੇ ਜਾ ਚੁੱਕੇ ਹਨ।
ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸੈਕਟਰ 17 ਵਿੱਚ ਇਕੱਠੇ ਹੋਏ ਅਤੇ ਨਗਰ ਨਿਗਮ ਦਫ਼ਤਰ ਵੱਲ ਪੈਦਲ ਰੋਸ ਮਾਰਚ ਕੀਤਾ। ਕਾਲੇ ਝੰਡੇ ਅਤੇ ਤਖ਼ਤੀਆਂ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਟੈਕਸ ਵਾਧੇ ਅਤੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨਿਗਮ ਕਰਮਚਾਰੀਆਂ ਦੀ ਬਰਖਾਸਤਗੀ ਦਾ ਵਿਰੋਧ ਕੀਤਾ।
ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਨਿਗਮ ਦੀ ਇਮਾਰਤ ਵਿੱਚ ਦਾਖ਼ਲ ਹੋਣ ਤੋਂ ਰੋਕਿਆ, ਜਿਸ ਕਾਰਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਮਾਮੂਲੀ ਝੜਪ ਵੀ ਹੋਈ। ਕਾਂਗਰਸੀ ਵਰਕਰ ਨਿਗਮ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਏ ਜਿਸ ਦੌਰਾਨ ਭਾਜਪਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਐੱਚਐੱਸ ਲੱਕੀ ਨੇ ਜਾਇਦਾਦ ਟੈਕਸ ਵਿੱਚ ਵਾਧੇ ਦੀ ਸਖ਼ਤ ਨਿੰਦਾ ਕੀਤੀ ਅਤੇ ਇਸਨੂੰ ਚੰਡੀਗੜ੍ਹ ਦੇ ਨਾਗਰਿਕਾਂ ਦਾ ਆਰਥਿਕ ਸ਼ੋਸ਼ਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਵਾਧਾ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ ਕਾਂਗਰਸ ਇਸਦਾ ਸਖ਼ਤ ਵਿਰੋਧ ਕਰੇਗੀ। ਭਾਜਪਾ ਦੇ ਇਰਾਦਿਆਂ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਸਾਰੇ ਕੌਂਸਲਰ ਅਸਤੀਫ਼ਾ ਦੇਣ ਲਈ ਤਿਆਰ ਹਨ, ਬਸ਼ਰਤੇ ਕਿ ਭਾਜਪਾ ਕੌਂਸਲਰ ਵੀ ਅਜਿਹਾ ਹੀ ਕਰਨ।
ਲੱਕੀ ਨੇ ਦੋਸ਼ ਲਾਇਆ ਕਿ ਸਥਾਨਕ ਭਾਜਪਾ ਇਕਾਈ ਚੰਡੀਗੜ੍ਹ ਪ੍ਰਸ਼ਾਸਨ ਨਾਲ ਮਿਲੀਭੁਗਤ ਕਰਕੇ ਸ਼ਹਿਰ ਵਾਸੀਆਂ ’ਤੇ ਇਹ ਵਿੱਤੀ ਬੋਝ ਪਾ ਰਹੀ ਹੈ। ਚੰਡੀਗੜ੍ਹ ਵਾਸੀ ਪਹਿਲਾਂ ਹੀ ਕੁਲੈਕਟਰ ਰੇਟਾਂ ਵਿੱਚ ਭਾਰੀ ਵਾਧੇ ਕਾਰਨ ਦੁਖੀ ਹਨ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਕੌਂਸਲਰ ਦਰਸ਼ਨਾ ਦੇਵੀ, ਸਚਿਨ ਗਾਲਵ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਰਜੀਤ ਢਿੱਲੋਂ, ਬਲਾਕ ਪ੍ਰਧਾਨ ਸੰਜੀਵ ਗਾਬਾ ਆਦਿ ਵੀ ਹਾਜ਼ਰ ਸਨ। ਕਾਂਗਰਸ ਦੇ ਧਰਨੇ ਦੌਰਾਨ ਅਚਾਨਕ ਨਿਗਮ ਦਫ਼ਤਰ ਕਿਸੇ ਕੰਮ ਲਈ ਆਏ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਪਤੀ ਸਾਬਕਾ ਕੌਂਸਲਰ ਦਵਿੰਦਰ ਬਬਲਾ ਵੀ ਰੁਕ ਗਏ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵੀ ਪ੍ਰਾਪਰਟੀ ਟੈਕਸ ਦਾ ਵਿਰੋਧ ਕਰਦੀ ਹੈ ਅਤੇ ਇਸ ਮਸਲੇ ਨੂੰ ਲੈ ਕੇ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਹੈ।
ਮੇਅਰ ’ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼
ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ ਨੇ ਕਿਹਾ ਕਿ ਨਿਗਮ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਖੁਦ ਹਾਊਸ ਮੀਟਿੰਗ ਵਿੱਚ ਏਜੰਡਾ ਲਿਆ ਕੇ ਹੁਣ ਪ੍ਰਾਪਰਟੀ ਟੈਕਸ ਮਾਮਲੇ ਵਿੱਚ ਪੱਲਾ ਝਾੜ ਕੇ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਜੁਟ ਗਏ ਹਨ। ਕਾਂਗਰਸ ਪ੍ਰਧਾਨ ਲੱਕੀ ਨੇ ਨਗਰ ਨਿਗਮ ਵੱਲੋਂ ਸੈਂਕੜੇ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਮੋਦੀ ਸਰਕਾਰ ਦੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਦੇ ਉਲਟ ਹੈ। ਉਨ੍ਹਾਂ ਬਿਜਲੀ ਅਤੇ ਪਾਣੀ ਦੇ ਖਰਚਿਆਂ ’ਤੇ ਸੈੱਸ ਵਿੱਚ ਸੰਭਾਵੀ ਵਾਧੇ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਚੰਡੀਗੜ੍ਹ ਦੇ ਨਾਗਰਿਕਾਂ ਲਈ ਆਰਥਿਕ ਤੌਰ ’ਤੇ ਵਿਨਾਸ਼ਕਾਰੀ ਸਾਬਤ ਹੋਵੇਗਾ।
ਮੇਅਰ ਵੱਲੋਂ ਗਰਾਂਟ ਲਈ ਮੁੱਖ ਸਕੱਤਰ ਨਾਲ ਮੁਲਾਕਾਤ
ਚੰਡੀਗੜ੍ਹ (ਪੱਤਰ ਪ੍ਰੇਰਕ): ਨਗਰ ਨਿਗਮ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਅੱਜ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀਵ ਵਰਮਾ ਨਾਲ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਨੇ ਸ਼ਹਿਰ ਵਿੱਚ ਚੱਲ ਰਹੀਆਂ ਨਾਗਰਿਕ ਸੇਵਾਵਾਂ ਦੇ ਲਈ 200 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਮੰਗ ਰੱਖੀ ਅਤੇ ਇਸ ਦੇ ਨਾਲ ਹੀ ਪ੍ਰਾਪਰਟੀ ਟੈਕਸ ਵਾਧਾ ਵੀ ਵਾਪਸ ਕਰਵਾਉਣ ਦੀ ਮੰਗ ਕੀਤੀ। ਮੇਅਰ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਨਿਗਮ ਨੂੰ ਵਿੱਤੀ ਸਾਲ 2024-25 ਲਈ ਸਿਰਫ਼ 560 ਕਰੋੜ ਰੁਪਏ ਅਲਾਟ ਕੀਤੇ ਗਏ ਸਨ, ਜਦੋਂਕਿ ਇਸਦੀ 1651.75 ਕਰੋੜ ਰੁਪਏ ਦੀ ਅਨੁਮਾਨਿਤ ਲੋੜ ਸੀ, ਜਿਸ ਨਾਲ ਇੱਕ ਵੱਡੀ ਵਿੱਤੀ ਘਾਟ ਪੈਦਾ ਹੋਈ। ਮੁੱਖ ਸਕੱਤਰ ਰਾਜੀਵ ਵਰਮਾ ਨੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਕੁਝ ਮਹੀਨਿਆਂ ਦੇ ਅੰਦਰ 250 ਕਰੋੜ ਰੁਪਏ ਦਿਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਚੰਡੀਗੜ੍ਹ ਵਪਾਰ ਮੰਡਲ ਦੇ ਇੱਕ ਵਫ਼ਦ ਨੇ ਵੀ ਅੱਜ ਭਾਜਪਾ ਚੰਡੀਗੜ੍ਹ ਦੇ ਪ੍ਰਮੁੱਖ ਜੇਪੀ ਮਲਹੋਤਰਾ ਨਾਲ ਮੁਲਾਕਾਤ ਕਰਕੇ ਕਮਰਸ਼ੀਅਲ ਪ੍ਰਾਪਰਟੀ ਉਤੇ ਕੁਲੈਕਟਰ ਰੇਟ ਅਤੇ ਪ੍ਰਾਪਰਟੀ ਟੈਕਸ ਵਿੱਚ ਕੀਤੇ ਗਏ ਵਾਧੇ ਦਾ ਵਿਰੋਧ ਦਰਜ ਕਰਵਾਇਆ। ਵਫ਼ਦ ਵਿੱਚ ਮੰਡਲ ਪ੍ਰਧਾਨ ਸੰਜੀਵ ਚੱਢਾ, ਚੇਅਰਮੈਨ ਚਰਨਜੀਵ ਸਿੰਘ, ਜਨਰਲ ਸਕੱਤਰ ਰਾਜ ਕਿਸ਼ੋਰ, ਸਾਬਕਾ ਮੇਅਰ ਰਵੀਕਾਂਤ ਸ਼ਰਮਾ, ਸਲਾਹਕਾਰ ਐੱਚ.ਕੇ. ਕੱਕੜ, ਵਿੱਤ ਸਕੱਤਰ ਰਾਧੇ ਬਜਾਜ ਅਤੇ ਸਕੱਤਰ ਅਨੁਜ ਸਹਿਗਲ ਸ਼ਾਮਲ ਸਨ।