ਕਾਂਗਰਸ ਦੀਆਂ ਮੰਡਲ ਤੇ ਬੂਥ ਕਮੇਟੀਆਂ ਦੀ ਇਕੱਤਰਤਾ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 27 ਜੂਨ
ਕਾਂਗਰਸ ਪਾਰਟੀ ਵੱਲੋਂ ਨਿਯੁਕਤ ਕੀਤੇ ਮੁਹਾਲੀ ਹਲਕੇ ਦੀ ਕੋਆਰਡੀਨੇਟਰ ਗੁਰਕੀਮਤ ਸਿੰਘ ਸਿੱਧੂ ਦੀ ਦੇਖ-ਰੇਖ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਹਲਕੇ ਦੇ ਕਾਂਗਰਸ ਪਾਰਟੀ ਦੇ ਮੰਡਲ ਪ੍ਰਧਾਨ, ਬੂਥ ਕਮੇਟੀਆਂ ਅਤੇ ਹੋਰ ਅਹੁਦੇਦਾਰਾਂ ਦੀ ਮੀਟਿੰਗ ਪਾਰਟੀ ਦੇ ਪਹਿਲੇ ਫੇਜ਼ ਸਥਿਤ ਦਫ਼ਤਰ ਵਿੱਚ ਹੋਈ।
ਇਸ ਮੌਕੇ ਬੋਲਦਿਆਂ ਕੋਆਰਡੀਨੇਟਰ ਗੁਰਕੀਮਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ 2027 ਵਿੱਚ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਸਾਰੇ ਅੱਜ ਤੋਂ ਹੀ ਦਿਨ-ਰਾਤ ਮਿਹਨਤ ਆਰੰਭ ਕਰਨ।
ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਆਖਿਆ ਕਿ ਹਲਕੇ ਅੰਦਰ ਕਾਂਗਰਸ ਪਾਰਟੀ ਦੀਆਂ ਮੰਡਲ ਅਤੇ ਬੂਥ ਕਮੇਟੀਆਂ ਪਹਿਲਾਂ ਹੀ ਪੂਰੀ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ ਅਤੇ ਇਨ੍ਹਾਂ ਨੂੰ ਹੋਰ ਵਧੇਰੇ ਕਾਰਜਸ਼ੀਲ ਬਣਾਇਆ ਜਾਵੇਗਾ। ਮੀਟਿੰਗ ਨੂੰ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਨਵਜੋਤ ਸਿੰਘ ਬਾਛਲ ਕੌਂਸਲਰ, ਭਗਤ ਸਿੰਘ ਨਾਮਧਾਰੀ ਮੌਲੀ ਬੈਦਵਾਨ, ਲੇਬਰਫੈਡ ਦੇ ਮੀਤ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਆਦਿ ਹਾਜ਼ਰ ਸਨ।