ਸੜਕਾਂ ਦੀ ਖਸਤਾ ਹਾਲਤ ਵਿਰੁੱਧ ਕਾਂਗਰਸ ਵੱਲੋਂ ਧਰਨਾ
ਹਲਕਾ ਖਰੜ ਦੀਆਂ ਸੜਕਾਂ ਦੀ ਖਸਤਾ ਹਾਲਤ ਅਤੇ ਪੁਲੀਆਂ ਨੂੰ ਲੈ ਕੇ ਅੱਜ ਕਾਂਗਰਸੀ ਵਰਕਰਾਂ ਵਲੋਂ ਬਲਾਕ ਮਾਜਰੀ ਦੇ ਪਿੰਡ ਰੁੜਕੀ ਖਾਮ ਵਿਖੇ ਰੋਸ ਧਰਨਾ ਦਿੱਤਾ ਗਿਆ। ਕਾਂਗਰਸ ਦੇ ਹਲਕਾ ਇੰਚਾਰਜ ਵਿਜੈ ਸ਼ਰਮਾ ਟਿੰਕੂ ਦੀ ਅਗਵਾਈ ਵਿੱਚ ਦਿੱਤੇ ਇਸ ਰੋਸ ਧਰਨੇ ਦੌਰਾਨ ਬੁਲਾਰਿਆਂ ਨੇ ‘ਆਪ’ ਸਰਕਾਰ ਦੀ ਨਿਖੇਧੀ ਕੀਤੀ ਜਦਕਿ ਜਮ ਕੇ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਵਿਜੈ ਸ਼ਰਮਾ ਨੇ ਕਿਹਾ ਕਿ ਖਰੜ ਹਲਕੇ ਦੇ ਕਿਸੇ ਵੀ ਪਿੰਡ ਦੀ ਸੜਕ ਇਸ ਵੇਲੇ ਠੀਕ ਨਹੀਂ ਹੈ ਸਗੋਂ ਸੜਕਾਂ ਦੀ ਥਾਂ ਟੋਏ ਹੀ ਟੋਏ ਹਨ। ਉਨ੍ਹਾਂ ਕਿਹਾ ਇਸ ਇਸ ਕਾਰਨ ਹਲਕੇ ਦੇ ਲੋਕ ਬਹੁਤ ਮੁਸ਼ਕਲ ਵਿੱਚੋਂਂ ਲੰਘ ਰਹੇ ਹਨ ਜਦਕਿ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।
ਉਨ੍ਹਾਂ ਦੋਸ਼ ਲਾਇਆ ਕਿ ਹਲਕਾ ਵਿਧਾਇਕਾ ਵੱਲੋਂ ਹੀ ਹਲਕੇ ਦੀਆਂ ਸੜਕਾਂ ਤੇ ਪੁਲੀਆਂ ਦੀ ਸਾਰ ਨਹੀਂ ਲਈ ਜਾ ਰਹੀ ਜਿਸ ਕਾਰਨ ਲੋਕਾਂ ਦਾ ਰੋਹ ਹੋਰ ਵੀ ਵਧ ਚੁੱਕਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੀਆਂ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਲੋਕ ‘ਆਪ’ ਨੂੰ ਸਬਕ ਸਿਖਾਉਣਗੇ। ਇਸ ਮੌਕੇ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ਼, ਗੁਰਿੰਦਰ ਸਿੰਘ ਵੈਦਵਾਨ, ਹਰਨੇਕ ਸਿੰਘ ਤਕੀਪੁਰ, ਨਵੀਨ ਬਾਂਸਲ ਖਿਜ਼ਰਾਬਾਦ, ਬਿਕਰਮ ਸਿੰਘ ਰੁੜਕੀ ਖਾਮ, ਜਸਵੰਤ ਸਿੰਘ ਭਜੌਲੀ, ਗੁਰਦੀਪ ਸਿੰਘ ਕੁੱਬਾਹੇੜੀ, ਗੁਰਦੇਵ ਸਿੰਘ ਪੱਲਣਪੁਰ ਤੇ ਹੋਰਨਾਂ ਨੇ ਵੀ ਵਿਚਾਰ ਰੱਖੇ।
ਧਰਨੇ ਦੌਰਾਨ ਵਿਜੇ ਸ਼ਰਮਾ ਟਿੰਕੂ ਨੇ ਵਾਅਦਾ ਕੀਤਾ ਕਿ ਹਲਕੇ ਦੇ 10-15 ਪਿੰਡਾਂ ਨੂੰ ਜੋੜਨ ਵਾਲੀ ਸੜਕ ਇਲਾਕਾ ਨਿਵਾਸੀ ਠੀਕ ਕਰਨ ਲਈ ਅੱਗੇ ਆਉਣ ਤਾਂ ਉਹ ਵੀ ਨਿਜੀ ਖਾਤੇ ਵਿਚੋਂ ਯੋਗਦਾਨ ਪਾਉਣ ਲਈ ਤਿਆਰ ਹਨ।