ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੋਸ਼ ਲਾਇਆ ਹੈ ਕਿ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਬਲਿਆਲੀ ਪਿੰਡ ਦੇ ਜਿਨ੍ਹਾਂ 70 ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਸਬੰਧੀ ਕਾਗਜ਼ਾਤ ਵੰਡੇ ਗਏ ਹਨ, ਇਹ ਸਾਰੇ ਪਲਾਟ ਜਨਵਰੀ 2022 ਵਿੱਚ ਕਾਂਗਰਸ ਸਰਕਾਰ ਸਮੇਂ ਮਨਜ਼ੂਰ ਕਰ ਕੇ ਕਾਗਜ਼ਾਤ ਲਾਭਪਾਤਰੀਆਂ ਨੂੰ ਸੌਂਪੇ ਗਏ ਸਨ। ਉਹ ਅੱਜ ਦੁਪਹਿਰ ਵੇਲੇ ਆਪਣੇ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਸਰਕਾਰ ਇਸ ਮਾਮਲੇ ਵਿਚ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਪਿੰਡ ਬਲਿਆਲੀ ਤੋਂ ਇਲਾਵਾ ਪਿੰਡ ਕੁਰੜਾ, ਰਾਏਪੁਰ ਅਤੇ ਕੁਰੜੀ ਦੇ ਵਸਨੀਕਾਂ ਨੂੰ ਵੀ ਪੰਜ-ਪੰਜ ਮਰਲੇ ਦੇ ਪਲਾਟ ਵੰਡੇ ਗਏ ਸਨ। ਉਨ੍ਹਾਂ ਹਲਕਾ ਵਿਧਾਇਕ ਵੱਲੋਂ ਪਲਾਟਧਾਰਕਾਂ ਨੂੰ ਪਲਾਟਾਂ ਉੱਤੇ ਉਸਾਰੀ ਕਰਨ ਵਿੱਚ ਅੜਿੱਕੇ ਡਾਹੁਣ ਦੇ ਦੋਸ਼ ਵੀ ਲਾਏ।ਸ੍ਰੀ ਸਿੱਧੂ ਨੇ ਦੋਸ਼ ਲਾਇਆ ਕਿ ਹੁਣ ਤੱਕ ਵੀ ਉਪਰੋਕਤ ਪਿੰਡਾਂ ਵਿਚ ਪਲਾਟਾਂ ਉੱਤੇ ਲਾਭਪਾਤਰੀਆਂ ਨੂੰ ਉਸਾਰੀ ਨਹੀਂ ਕਰਨ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਵਿਧਾਇਕ ਹੁਣ ਮੌਜੂਦਾ ਸਰਕਾਰ ਵੱਲੋਂ ਪਲਾਟ ਵੰਡਣ ਦੇ ਨਾਮ ਉੱਤੇ ਗਰੀਬਾਂ ਨੂੰ ਗੁਮਰਾਹ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਪਿਛਲੀ ਕਾਂਗਰਸ ਸਰਕਾਰ ਸਮੇਂ ਮਨਜ਼ੂਰ ਹੋਏ ਪਲਾਟਾਂ ਦਾ ਰਿਕਾਰਡ ਵੀ ਵਿਖਾਇਆ। ਇਸ ਮੌਕੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਅਤੇ ਐਡਵੋਕੇਟ ਰੂਬੀ ਸਿੱਧੂ ਵੀ ਹਾਜ਼ਰ ਸੀ।ਬਲਬੀਰ ਸਿੱਧੂ ਹੀ ਕਰ ਰਹੇ ਨੇ ਲੋਕਾਂ ਨੂੰ ਗੁਮਰਾਹ: ਕੁਲਵੰਤ ਸਿੰਘਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਹੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਬਲਿਆਲੀ ’ਚ ਵੰਡੇ ਗਏ ਕਾਗਜ਼ਾਤਾਂ ਵਿੱਚ ਲਾਭਪਾਤਰੀਆਂ ਦੇ ਨਾਮ ਦਰਜ ਹੋਏ ਇੰਤਕਾਲ ਦੇਖੇ ਜਾ ਸਕਦੇ ਹਨ ਕਿ ਉਹ 2022 ਵਿੱਚ ਹੋਏ ਸਨ ਕਿ 2025 ਵਿੱਚ। ਉਨ੍ਹਾਂ ਕਿਹਾ ਕਿ ਪਲਾਟ ਦੇਣ ਦਾ ਸਾਰਾ ਕੰਮ ਉਨ੍ਹਾਂ ਖ਼ੁਦ ਨਿੱਜੀ ਦਿਲਚਸਪੀ ਲੈ ਕੇ ਮੁਕੰਮਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕੁਰੜਾ ਅਤੇ ਕੁਰੜੀ ਦੇ ਪਲਾਟਾਂ ਸਬੰਧੀ ਅਦਾਲਤ ਵੱਲੋਂ ਸਟੇਅ ਮਿਲੀ ਹੋਈ ਹੈ, ਜਦੋਂਕਿ ਰਾਏਪੁਰ ਦੇ ਪਲਾਟਾਂ ਦੀ ਵੰਡ ਵਿੱਚ ਭਾਰੀ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਕਾਰਨ ਪੰਚਾਇਤ ਵਿਭਾਗ ਵੱਲੋਂ ਖ਼ੁਦ ਹੀ ਜਾਂਚ ਕੀਤੀ ਗਈ ਸੀ ਅਤੇ ਬਾਰਾਂ ਦੇ ਕਰੀਬ ਪਲਾਟ ਰੱਦ ਕੀਤੇ ਗਏ ਸਨ।