ਡੇਰਾਬੱਸੀ ਦੀਆਂ ਮੀਟਿੰਗਾਂ ’ਚ ਕਾਂਗਰਸ ਦੀ ਧੜੇਬੰਦੀ ਉਭਰੀ
ਹਰਜੀਤ ਸਿੰਘ
ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀਆਂ ਦੋ ਅਹਿਮ ਮੀਟਿੰਗਾਂ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਅਮਿਤ ਬਾਵਾ ਦੀ ਅਗਵਾਈ ਹੇਠ ਵੱਖ ਵੱਖ ਹੋਈਆਂ। ਇਸ ਦੌਰਾਨ ਕਾਂਗਰਸ ਪਾਰਟੀ ਦੀ ਧੜੇਬੰਦੀ ਵੀ ਖੁੱਲ੍ਹ ਕੇ ਦਿਖਾਈ ਦਿੱਤੀ। ਦੋਵਾਂ ਮੀਟਿੰਗਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਪਾਰਟੀ ਦੇ ਕੌਮੀ ਸਕੱਤਰ ਰਵਿੰਦਰਾ ਡਾਲਵੀ, ਹਲਕਾ ਡੇਰਾਬੱਸੀ ਦੇ ਨਵਨਿਯੁਕਤ ਕੋਆਰਡੀਨੇਟਰ ਬਲਵਿੰਦਰ ਸਿੰਘ ਨਾਰੰਗ ਅਤੇ ਅਬਜ਼ਰਵਰ ਮਨੀਸ਼ ਬਾਂਸਲ ਨੇ ਸ਼ਿਰਕਤ ਕੀਤੀ। ਦੀਪਇੰਦਰ ਸਿੰਘ ਢਿੱਲੋਂ ਵੱਲੋਂ ਇਹ ਮੀਟਿੰਗ ਇਕ ਨਿੱਜੀ ਹੋਟਲ ਵਿੱਚ ਗਈ ਜਦਕਿ ਅਮਿਤ ਬਾਵਾ ਦੀ ਮੀਟਿੰਗ ਉਸ ਦੇ ਬਰਵਾਲਾ ਸੜਕ ’ਤੇ ਸਥਿਤ ਦਫਤਰ ਵਿਖੇ ਹੋਈ।
ਇਸ ਮੌਕੇ ਦੋਵੇਂ ਥਾਵਾਂ ’ਤੇ ਬਲਵਿੰਦਰ ਸਿੰਘ ਨਾਰੰਗ ਅਤੇ ਮਨੀਸ਼ ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀਆਂ ਦੇ ਵਰਕਰਾਂ ਅਤੇ ਆਗੂਆਂ ਨੂੰ ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਮੇਟੀਆਂ ਦਾ ਗਠਨ ਕਰਨ ਲਈ ਕਿਹਾ ਹੈ ਤਾਂ ਕਿ ਪਾਰਟੀ ਨੂੰ ਹੇਠਾਂ ਤੱਕ ਮਜ਼ਬੂਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈ। ਇਸ ਸਰਕਾਰ ਦਾ ਕੋਈ ਏਜੰਡਾ ਨਹੀਂ ਹੈ ਜਿਸ ਕਾਰਨ ਪੰਜਾਬ ਪੱਛੜ ਕੇ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਇਸ ਪਾਰਟੀ ਤੋਂ ਅੱਕੇ ਪਏ ਹਨ ਜਿਸ ਨੂੰ ਬਦਲਣ ਲਈ ਲੋਕ ਕਾਹਲੇ ਪੈ ਰਹੇ ਹਨ। ਇਸ ਮੌਕੇ ਦੋਵੇਂ ਥਾਵਾਂ ’ਤੇ ਦੀਪਇੰਦਰ ਸਿੰਘ ਢਿੱਲੋਂ ਅਤੇ ਅਮਿਤ ਬਾਵਾ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਆਉਣ ਲਈ ਚੋਣਾਂ ਲਈ ਹੁਣੇ ਤੋਂ ਕਮਰ ਕਸਣ ਲਈ ਕਿਹਾ।