ਕਾਂਗਰਸ ਨੇ ਗ਼ਰੀਬਾਂ ਲਈ ਇਤਿਹਾਸਕ ਕੰਮ ਕੀਤਾ: ਲੱਕੀ
ਪੱਤਰ ਪ੍ਰੇਰਕ
ਚੰਡੀਗੜ੍ਹ, 29 ਜੁਲਾਈ
ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਨੁਸੂਚਿਤ ਜਾਤੀ (ਐੱਸਸੀ) ਵਿੰਗ ਵੱਲੋਂ ਅੱਜ ਰਾਜੀਵ ਗਾਂਧੀ ਕਾਂਗਰਸ ਭਵਨ ਸੈਕਟਰ 35 ਚੰਡੀਗੜ੍ਹ ਵਿੱਚ ਵਿੰਗ ਦੇ ਪ੍ਰਧਾਨ ਧਰਮਵੀਰ ਦੀ ਅਗਵਾਈ ਹੇਠ ਸੰਮੇਲਨ ਕਰਵਾਇਆ ਗਿਆ। ਇਸ ਵਿੱਚ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਐੱਸਸੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਆਲ ਇੰਡੀਆ ਕਾਂਗਰਸ ਕਮੇਟੀ ਦੇ ਐੱਸਸੀ ਵਿੰਗ ਦੇ ਚੇਅਰਮੈਨ ਰਾਜਿੰਦਰ ਗੌਤਮ ਅਤੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚਐੱਸ ਲੱਕੀ ਵੀ ਸ਼ਾਮਲ ਹੋਏ। ਆਪਣੇ ਮੁੱਖ ਭਾਸ਼ਣ ਵਿੱਚ ਰਾਜਿੰਦਰ ਗੌਤਮ ਨੇ ਭਾਰਤ ਵਿੱਚ ਅਨੁਸੂਚਿਤ ਜਾਤੀ ਅੰਦੋਲਨ ਦੇ ਇਤਿਹਾਸ ਤੇ ਵਿਕਾਸ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਮਹਾਤਮਾ ਜਯੋਤੀਬਾ ਫੂਲੇ, ਡਾ. ਭੀਮ ਰਾਓ ਅੰਬੇਡਕਰ ਅਤੇ ਹੋਰ ਸਮਾਜ ਸੁਧਾਰਕਾਂ ਦੇ ਯੋਗਦਾਨ ਨੂੰ ਯਾਦ ਕੀਤਾ।
ਸ੍ਰੀ ਲੱਕੀ ਨੇ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਖੇਤਰ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਇਆ। ਲੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਤਿਹਾਸਕ ਤੌਰ ’ਤੇ ਅਨੁਸੂਚਿਤ ਜਾਤੀਆਂ ਲਈ ਨਿਰੰਤਰ ਕੰਮ ਕੀਤਾ ਹੈ। ਰਾਹੁਲ ਗਾਂਧੀ ਅੱਜ ਦਲਿਤਾਂ, ਆਦਿਵਾਸੀਆਂ ਅਤੇ ਪਛੜੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਭਾਰਤੀ ਸੰਵਿਧਾਨ ਦੀ ਰੱਖਿਆ ਲਈ ਆਪਣੀ ਆਵਾਜ਼ ਸਭ ਤੋਂ ਜ਼ੋਰਦਾਰ ਢੰਗ ਨਾਲ ਬੁਲੰਦ ਕਰ ਰਹੇ ਹਨ।
ਵਿੰਗ ਪ੍ਰਧਾਨ ਧਰਮਵੀਰ ਨੇ ਕਿਹਾ ਕਿ ਜਦੋਂ ਹੋਰ ਰਾਜਨੀਤਕ ਪਾਰਟੀਆਂ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਸਿਰਫ਼ ਚੋਣਾਂ ਦੌਰਾਨ ਹੀ ਯਾਦ ਕਰਦੀਆਂ ਹਨ, ਕਾਂਗਰਸ ਨੇ ਹਮੇਸ਼ਾ ਉਨ੍ਹਾਂ ਨੂੰ ਪ੍ਰਤੀਨਿਧਤਾ, ਮੌਕੇ ਅਤੇ ਸਸ਼ਕਤੀਕਰਨ ਪ੍ਰਦਾਨ ਕੀਤਾ ਹੈ। ਇਸ ਸੰਮੇਲਨ ਵਿੱਚ ਕੁਲਦੀਪ ਵੈਦ, ਵਿਕਰਮ ਚੋਪੜਾ, ਜ਼ਾਹਿਦ ਪਰਵੇਜ਼ ਖਾਨ, ਦਿਲਾਵਰ ਸਿੰਘ, ਰਾਜਦੀਪ ਸਿੱਧੂ, ਗੁਰਦਰਸ਼ਨ ਸਿੰਘ ਆਦਿ ਹਾਜ਼ਰ ਸਨ।