ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ’ਤੇ ਪੈਂਦੇ ਪਿੰਡਾਂ ਸਨੌਲੀ, ਮਲੂਕਪੁਰ ਅਤੇ ਬੀਣੇਵਾਲ ਨੇੜੇ ਸਥਿਤ ਫੈਕਟਰੀ ਤੋਂ ਕਥਿਤ ਗੈਸ ਲੀਕ ਹੋਣ ਕਾਰਨ ਲੋਕਾਂ ਨੂੰ ਸਾਹ ਲੈਣ ਦੀ ਸਮੱਸਿਆ ਆਈ। ਇਸ ਮਗਰੋਂ ਲੋਕ ਘਰਾਂ ਤੋਂ ਦੂਰ ਸੁਰੱਖਿਅਤ ਥਾਵਾਂ ’ਤੇ ਚਲੇ ਗਏ। ਲੋਕਾਂ ਨੇ ਕਿਹਾ ਕਿ ਇਹ ਗੈਸ ਨੰਗਲ ਵਿੱਚ ਲੱਗੀ ਫੈਕਟਰੀ ਵਿੱਚੋ ਲੀਕ ਹੋਈ ਸੀ। ਪਿੰਡਾਂ ਦੇ ਵਸਨੀਕਾਂ ਨੇ ਗੈਸ ਲੀਕ ਹੋਣ ਕਾਰਨ ਅਸਮਾਨ ਵਿੱਚ ਚਿੱਟੇ ਰੰਗ ਦੇ ਗੁਬਾਰ ਦੇਖੇ ਗਏ। ਊਨਾ ਦੇ ਵਿਧਾਇਕ ਸਤਪਾਲ ਸਿੰਘ ਸੱਤੀ ਨੇ ਤੁਰੰਤ ਪੁੱਜ ਕੇ ਲੋਕਾਂ ਦਾ ਹਾਲ-ਚਾਲ ਜਾਣਿਆ। ਇਹ ਤਿੰਨ ਪਿੰਡ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਪੈਂਦੇ ਹਨ। ਦੂਜੇ ਪਾਸੇ, ਐਡਵੋਕੇਟ ਵਿਸ਼ਾਲ ਸੈਣੀ ਨੇ ਦੱਸਿਆ ਕਿ ਗੈਸ ਦਾ ਅਸਰ ਪੰਜਾਬ ਵਿੱਚ ਪੈਂਦੇ ਪਿੰਡ ਮੋਜੋਵਾਲ ਤੇ ਮਹਿਲਵਾਂ ਵਿੱਚ ਦੇਖਣ ਨੂੰ ਮਿਲਿਆ।
ਦੂਜੇ ਪਾਸੇ ਐੱਸ ਡੀ ਐੱਮ ਨੰਗਲ ਸਚਿਨ ਪਾਠਕ ਨੇ ਵੀ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਗੈਸ ਲੀਕ ਹੋਣ ਦਾ ਕੋਈ ਸਬੂਤ ਨਜ਼ਰ ਨਹੀਂ ਆਇਆ।
ਐੱਨ ਐੱਫ ਐੱਲ ਵਿੱਚੋਂ ਗੈਸ ਲੀਕ ਨਹੀਂ ਹੋਈ: ਬਹਾਦਰ ਸਿੰਘ
ਐੱਨ ਐੱਫ ਐੱਲ ਫੈਕਟਰੀ ਦੇ ਮੈਨੇਜਰ ਬਹਾਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਪਿੰਡ ਬੀਣੇਵਾਲ ਵਿੱਚ ਗੈਸ ਲੀਕ ਹੋਣ ਦੀ ਸ਼ਿਕਾਇਤ ਮਿਲੀ ਸੀ। ਉਨ੍ਹਾਂ ਤੁਰੰਤ ਫੈਕਟਰੀ ਦੀ ਸੁਰੱਖਿਆ ਟੀਮ ਭੇਜ ਕੇ ਕੇ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਉੱਥੇ ਕੋਈ ਗੈਸ ਦੀ ਲੀਕੇਜ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਐੱਨ ਐੱਫ ਐੱਫ ਵਿੱਚੋਂ ਕੋਈ ਗੈਸ ਲੀਕੇਜ਼ ਨਹੀਂ ਹੈ।
ਗੈਸ ਲੀਕ ਹੋਣ ਦੀ ਪੁਸ਼ਟੀ ਨਹੀਂ ਹੋਈ: ਪੁਲੀਸ
ਪੁਲੀਸ ਚੌਕੀ ਨਯਾ ਨੰਗਲ ਦੇ ਇੰਚਾਰਜ ਸਬ-ਇੰਸਪੈਕਟਰ ਸਰਤਾਜ ਸਿੰਘ ਨੇ ਕਿਹਾ ਕਿ ਉਹ ਸੂਚਨਾ ਮਿਲਣ ’ਤੇ ਦੱਸੇ ਗਏ ਪਿੰਡਾਂ ਵਿੱਚ ਪਹੁੰਚੇ ਪਰ ਜਾਂਚ ਕਰਨ ’ਤੇ ਗੈਸ ਲੀਕ ਹੋਣ ਦੀ ਪੁਸ਼ਟੀ ਨਹੀਂ ਹੋਈ।

