ਜਾਂਚ ਨਾਲ ਸਬੰਧਤ ਜ਼ਮੀਨ ’ਤੇ ਪਾਸ ਕੀਤੇ ਨਕਸ਼ਿਆਂ ਖ਼ਿਲਾਫ਼ ਸ਼ਿਕਾਇਤ
ਇੱਥੋਂ ਦੇ ਇੱਕ ਵਿਅਕਤੀ ਨੇ ਜਸਟਿਸ ਕੁਲਦੀਪ ਸਿੰਘ ਦੀ ਜਾਂਚ ਨਾਲ ਸਬੰਧਿਤ ਜ਼ਮੀਨ ’ਤੇ ਨਗਰ ਕੌਂਸਲ ਖਰੜ ਵੱਲੋਂ ਪਾਸ ਕੀਤੇ ਗਏ ਨਕਸ਼ਿਆਂ ਖ਼ਿਲਾਫ਼ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜਾਣਕਾਰੀ...
ਇੱਥੋਂ ਦੇ ਇੱਕ ਵਿਅਕਤੀ ਨੇ ਜਸਟਿਸ ਕੁਲਦੀਪ ਸਿੰਘ ਦੀ ਜਾਂਚ ਨਾਲ ਸਬੰਧਿਤ ਜ਼ਮੀਨ ’ਤੇ ਨਗਰ ਕੌਂਸਲ ਖਰੜ ਵੱਲੋਂ ਪਾਸ ਕੀਤੇ ਗਏ ਨਕਸ਼ਿਆਂ ਖ਼ਿਲਾਫ਼ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਜਸਟਿਸ ਕੁਲਦੀਪ ਸਿੰਘ ਨੇ ਕਈ ਸਾਲ ਪਹਿਲਾਂ ਸਰਕਾਰੀ ਜ਼ਮੀਨਾਂ ਸਬੰਧੀ ਜਾਂਚ ਕੀਤੀ ਸੀ ਅਤੇ ਇਸ ਸਬੰਧੀ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ। ਅਜਿਹੀ ਜ਼ਮੀਨ ਨਾਲ ਸਬੰਧਤ ਖਰੜ ਨਗਰ ਕੌਂਸਲ ਦੇ ਹਦੂਦ ਅੰਦਰ ਖਰੜ ਨਗਰ ਕੌਂਸਲ ਵੱਲੋਂ ਨਕਸ਼ੇ ਪਾਸ ਕੀਤੇ ਗਏ ਅਤੇ ਐੱਨ ਓ ਸੀ ਜਾਰੀ ਕੀਤੀਆਂ ਗਈਆਂ ਹਨ।
ਹੁਣ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਅਤੇ ਅਧਿਕਾਰੀਆਂ ਕੋਲ ਪੁੱਜ ਗਿਆ ਹੈ। ਸ਼ਿਕਾਇਤਕਰਤਾ ਨੇ ਪੰਜਾਬ ਦੇ ਮੁੱਖ ਮੰਤਰੀ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ, ਸਕੱਤਰ ਸਥਾਨਕ ਸਰਕਾਰਾਂ ਅਤੇ ਇਥੋਂ ਤੱਕ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕਰਕੇ ਉੱਚ ਪੱਧਰੀ ਜਾਂਚ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ’ਤੇ ਨਕਸ਼ੇ/ਐੱਨ ਓ ਸੀ ਪਾਸ ਕੀਤੇ ਗਏ ਹਨ, ਉਸ ਦਾ ਕੇਸ ਅਦਾਲਤਾਂ ਵਿੱਚ ਚੱਲ ਰਿਹਾ ਹੈ। ਉਨ੍ਹਾਂ ਲਿਖਿਆ ਕਿ ਇੰਝ ਲੱਗਦਾ ਹੈ ਕਿ ਜਾਣ-ਬੁੱਝ ਕੇ ਮਿਲੀਭੁਗਤ ਨਾਲ ਨਕਸ਼ੇ ਪਾਸ ਕੀਤੇ ਗਏ ਹਨ, ਜੋ ਕਾਨੂੰਨ ਦੇ ਵਿਰੁੱਧ ਹਨ।
ਐੱਨ ਓ ਸੀ ਰੋਕੀਆਂ: ਕਾਰਜਸਾਧਕ ਅਫ਼ਸਰ
ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਨੇ ਕਿਹਾ ਕਿ ਇਹ ਸਰਕਾਰੀ ਜ਼ਮੀਨ ਹੈ ਅਤੇ ਜੋ ਹੋਇਆ ਹੈ, ਉਨ੍ਹਾਂ ਤੋਂ ਪਹਿਲਾਂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਕਸ਼ਿਆਂ ’ਤੇ ਐੱਨ ਓ ਸੀ ਰੋਕ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਪਤਾ ਚੱਲਿਆ ਹੈ ਕਿ ਇਹ ਮਾਮਲਾ ਵਿਜੀਲੈਂਸ ਵਿਭਾਗ ਕੋਲ ਵੀ ਪੁੱਜ ਗਿਆ ਹੈ।

