ਆਵਾਰਾ ਪਸ਼ੂਆਂ ਦੇ ਹਮਲੇ ਦੇ ਪੀੜਤਾਂ ਨੂੰ 28 ਲੱਖ ਦਾ ਮੁਆਵਜ਼ਾ
ਚੰਡੀਗੜ੍ਹ ਵਿੱਚ ਆਵਾਰਾ ਜਾਨਵਰਾਂ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਕਰ ਕੇ ਲੋਕਾਂ ਦੇ ਮਨਾਂ ਵਿੱਚ ਆਵਾਰਾ ਪਸ਼ੂਆਂ ਦਾ ਡਰ ਬਣਿਆ ਹੋਇਆ ਹੈ। ਇਸੇ ਦੇ ਚੱਲਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਯੂਟੀ ਪ੍ਰਸ਼ਾਸਨ ਵੱਲੋਂ ਆਵਾਰਾ ਪਸ਼ੂਆਂ ਦੇ ਹਮਲੇ ਦਾ ਸ਼ਿਕਾਰ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਬਣਾਈ ਕਮੇਟੀ ਕੋਲ ਇਕ ਸਾਲ ਵਿੱਚ 495 ਲੋਕਾਂ ਨੇ ਮੁਆਵਜ਼ਾ ਲੈਣ ਲਈ ਪਹੁੰਚ ਕੀਤੀ ਹੈ। ਇਸ ਵਿੱਚੋਂ 480 ਮਾਮਲੇ ਕੁੱਤਿਆਂ ਵੱਲੋਂ ਵੱਢੇ ਜਾਣ ਦੇ ਹਨ। ਇਨ੍ਹਾਂ ਵਿੱਚ ਕੁੱਤੇ, ਬਾਂਦਲ, ਬਿੱਲੀ, ਸੱਪ, ਗਊ ਤੇ ਹੋਰਨਾਂ ਜਾਨਵਰਾਂ ਦੇ ਹਮਲੇ ਦੇ ਪੀੜੜ ਸ਼ਾਮਲ ਹਨ। ਇਸ ਵਿੱਚੋਂ ਵਧੇਰੇ ਮਾਮਲਿਆਂ ’ਤੇ ਪ੍ਰਸ਼ਾਸਨ ਸੁਣਵਾਈ ਕਰ ਚੁੱਕਾ ਹੈ ਜਦੋਂਕਿ ਬਾਕੀਆਂ ’ਤੇ ਸੁਣਵਾਈ ਜਾਰੀ ਹੈ। ਕਮੇਟੀ ਨੇ 184 ਮਾਮਲਿਆਂ ਵਿੱਚੋਂ 171 ਜਣਿਆਂ ਨੂੰ 28 ਲੱਖ ਰੁਪਏ ਤੋਂ ਵੱਧ ਦਾ ਮੁਆਵਜ਼ਾ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਦੋ ਜੁਲਾਈ 2024 ਨੂੰ ਆਵਾਰਾ ਜਾਨਵਰਾਂ ਦਾ ਸ਼ਿਕਾਰ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਕਮੇਟੀ ਬਣਾਈ ਸੀ। ਇਸ ਕਮੇਟੀ ਕੋਲ ਹੁਣ ਤੱਕ 495 ਮਾਮਲੇ ਮੁਆਵਜ਼ਾ ਲੈਣ ਲਈ ਸਾਹਮਣੇ ਆਏ ਹਨ। ਇਸ ਵਿੱਚ 480 ਮਾਮਲੇ ਕੁੱਤਿਆਂ ਵੱਲੋਂ ਵੱਢੇ ਜਾਣ ਦੇ, ਅੱਠ ਮਾਮਲੇ ਬਾਂਦਰ ਵੱਲੋਂ ਕੱਟਣ, ਦੋ ਮਾਮਲੇ ਬਿੱਲੀ, ਇੱਕ ਸੱਪ ਵੱਲੋਂ ਡੱਸਣ ਦਾ ਹੈ। ਕਮੇਟੀ ਨੇ ਇਨ੍ਹਾਂ ਵਿੱਚੋਂ 184 ਮਾਮਲਿਆਂ ਦਾ ਨਿਬੇੜਾ ਕਰ ਦਿੱਤਾ ਹੈ ਜਦੋਂਕਿ 291 ਮਾਮਲੇ ਹਾਲੇ ਵੀ ਬਕਾਇਆ ਹਨ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਹੋਰਨਾਂ ਮਾਮਲਿਆਂ ’ਤੇ ਸੁਣਵਾਈ ਕੀਤੀ ਜਾ ਰਹੀ ਹੈ।