ਕਰਨਲ ਪੁਸ਼ਪਿੰਦਰ ਮਾਮਲਾ: ਪੰਜਾਬ ਪੁਲੀਸ ਦੇ ਚਾਰ ਫ਼ਰਾਰ ਇੰਸਪੈਕਟਰ ਡਿਊਟੀ ’ਤੇ ਪਰਤੇ
ਪਟਿਆਲਾ ਵਿਚ ਫੌਜ ਦੇ ਕਰਨਲ ਅਤੇ ਉਸ ਦੇ ਪੁੱਤਰ ’ਤੇ ਹਮਲੇ ਵਿੱਚ ਸ਼ਾਮਲ ਪੰਜਾਬ ਪੁਲੀਸ ਦੇ ਚਾਰ ਇੰਸਪੈਕਟਰ, ਜੋ ਇਸ ਸਾਲ 13 ਮਾਰਚ ਨੂੰ ਘਟਨਾ ਵਾਲੇ ਦਿਨ ਤੋਂ ਫ਼ਰਾਰ ਸਨ, ਡਿਊਟੀ ’ਤੇ ਵਾਪਸ ਆ ਗਏ ਹਨ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੇੜੇ ਸੜਕ ਕੰਢੇ ਇੱਕ ਢਾਬੇ ’ਤੇ ਪਾਰਕਿੰਗ ਵਿਵਾਦ ਨੂੰ ਲੈ ਕੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸ ਦੇ ਪੁੱਤਰ ਅੰਗਦ ’ਤੇ ਚਾਰ ਇੰਸਪੈਕਟਰਾਂ ਸਮੇਤ 12 ਪੁਲੀਸ ਮੁਲਾਜ਼ਮਾਂ ਨੇ ਹਮਲਾ ਕੀਤਾ ਸੀ।
ਮੰਨਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੇ ਜਾਣ ਤੋਂ ਬਾਅਦ ਪੁਲੀਸ ਮੁਲਾਜ਼ਮ ਡਿਊਟੀ ’ਤੇ ਵਾਪਸ ਆ ਗਏ ਹਨ। ਇਹ ਪੁਲੀਸ ਮੁਲਾਜ਼ਮ, ਜੋ ਮੁਅੱਤਲ ਹੋਣ ਤੋਂ ਬਾਅਦ ਆਪਣੀਆਂ ਤਾਇਨਾਤੀਆਂ ਵਾਲੀਆਂ ਥਾਵਾਂ ’ਤੇ ਜੁਆਇਨ ਕਰ ਗਏ ਹਨ ਅਤੇ ਅੱਗੇ ਉਨ੍ਹਾਂ ਨੂੰ ਬਠਿੰਡਾ ਅਤੇ ਲੁਧਿਆਣਾ ਤਬਦੀਲ ਕਰ ਦਿੱਤਾ ਗਿਆ ਹੈ। ਇੰਸਪੈਕਟਰ ਹਰਜਿੰਦਰ ਢਿੱਲੋਂ, ਹੈਰੀ ਬੋਪਾਰਾਏ, ਰੌਨੀ ਸਿੰਘ ਅਤੇ ਸ਼ਮਿੰਦਰ ਸਿੰਘ ਬੁੱਧਵਾਰ ਨੂੰ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਵਿੱਚ ਆਪਣੀਆਂ ਤਾਇਨਾਤੀਆਂ ਵਾਲੀਆਂ ਥਾਵਾਂ ’ਤੇ ਜੁਆਇਨ ਕਰ ਗਏ ਸਨ ਅਤੇ ਵੀਰਵਾਰ ਨੂੰ ਇਨ੍ਹਾਂ ਨੂੰ ਅੱਗੇ ਹੋਰ ਥਾਵਾਂ ’ਤੇ ਤਬਦੀਲ ਕਰ ਦਿੱਤਾ ਗਿਆ।