ਯੂ ਜੀ ਸੀ ਨਿਯਮ ਲਾਗੂ ਨਾ ਹੋਣ ’ਤੇ ਕਾਲਜ ਅਧਿਆਪਕਾਂ ਵੱਲੋਂ ਮੁਜ਼ਾਹਰਾ
ਪ੍ਰੋਬੇਸ਼ਨ ਪੀਰੀਅਡ ਵਧਾੳੁਣ ਤੇ ਬਣਦੇ ਲਾਭ ਨਾ ਦੇਣ ’ਤੇ ਰੋਸ
ਚੰਡੀਗੜ੍ਹ ਦੇ ਏਡਿਡ ਕਾਲਜਾਂ ਦੇ ਅਧਿਆਪਕਾਂ ਨੇ ਲੰਬੇ ਸਮੇਂ ਤੋਂ ਤਰੱਕੀਆਂ ਨਾ ਹੋਣ ਅਤੇ ਸੇਵਾ ਸ਼ਰਤਾਂ ਦੀ ਉਲੰਘਣਾ ਨੂੰ ਲੈ ਕੇ ਕਾਲਜਾਂ ਵਿੱਚ ਧਰਨੇ ਅੱਜ ਸ਼ੁਰੂ ਕੀਤੇ। ਇਸ ਮੌਕੇ ਜੀਜੀਡੀ ਐੱਸਡੀ ਕਾਲਜ ਸੈਕਟਰ 32 ਵਿੱਚ ਅਧਿਆਪਕਾਂ ਨੇ ਮਸਲੇ ਹੱਲ ਨਾ ਹੋਣ ’ਤੇ ਰੋਸ ਪ੍ਰਗਟਾਇਆ। ਪੰਜਾਬ ਅਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ (ਪੀਸੀਸੀਟੀਯੂ) ਦੇ ਚੰਡੀਗੜ੍ਹ ਜ਼ਿਲ੍ਹਾ ਯੂਨਿਟ ਦੇ ਸੱਦੇ ’ਤੇ ਚੰਡੀਗੜ੍ਹ ਦੇ ਸਰਕਾਰੀ ਏਡਿਡ ਕਾਲਜਾਂ ਦੇ ਅਧਿਆਪਕਾਂ ਨੇ ਯੂਜੀਸੀ ਨਿਯਮਾਂ, 2018 ਤਹਿਤ ਤਰੱਕੀਆਂ ਨਾਂ ਮਿਲਣ, ਡੀਏ ਵਿੱਚ ਸੋਧ ਅਨੁਸਾਰ ਰਾਸ਼ੀ ਨਾ ਮਿਲਣ, ਅਧਿਆਪਕਾਂ ਨੂੰ ਤਿੰਨ ਸਾਲ ਦੀ ਪ੍ਰੋਬੇਸ਼ਨ ਮਿਆਦ ਅਤੇ ਪ੍ਰੋਬੇਸ਼ਨ ’ਤੇ ਅਧਿਆਪਕਾਂ ਨੂੰ ਬਿਨਾਂ ਭੱਤਿਆਂ ਦੇ ਤਨਖਾਹ ਦੇਣ ਦੇ ਮੁੱਦਿਆਂ ’ਤੇ ਨਾਅਰੇਬਾਜ਼ੀ ਕੀਤੀ ਗਈ। ਅਧਿਆਪਕਾਂ ਨੇ ਕਿਹਾ ਕਿ ਪਹਿਲੀ ਜਨਵਰੀ ਤੋਂ ਲਾਗੂ ਡੀ ਏ ਹਾਲੇ ਵੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਸਟਾਫ਼ ਨੂੰ ਨਹੀਂ ਦਿੱਤਾ ਗਿਆ। ਜੀ ਜੀ ਡੀ ਐੱਸ ਡੀ ਕਾਲਜ ਦੇ ਪ੍ਰਧਾਨ ਡਾ. ਰਾਜਿੰਦਰ ਸਿੰਘ ਮਾਨ ਨੇ ਕਿਹਾ ਕਿ ਚੰਡੀਗੜ੍ਹ ਦੇ ਅਧਿਆਪਕਾਂ ’ਤੇ ਕੇਂਦਰ ਸਰਕਾਰ, ਯੂਜੀਸੀ ਅਤੇ ਯੂਨੀਵਰਸਿਟੀ ਨਿਯਮਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।
ਚੰਡੀਗੜ੍ਹ ਜ਼ਿਲ੍ਹਾ ਪਰਿਸ਼ਦ ਦੇ ਪ੍ਰਧਾਨ ਡਾ. ਸੂਰਜ ਨਾਰਾਇਣ ਨੇ ਦੱਸਿਆ ਕਿ ਯੂਟੀ ਚੰਡੀਗੜ੍ਹ ਉੱਚ ਸਿੱਖਿਆ ’ਤੇ ਆਪਣਾ ਖਰਚਾ ਭਾਰਤ ਦੇ ਏਕੀਕ੍ਰਿਤ ਫੰਡ ਤੋਂ ਲੈਂਦਾ ਹੈ ਅਤੇ ਇਸ ਲਈ ਚੰਡੀਗੜ੍ਹ ਵਿਚ ਕੇਂਦਰ ਸਰਕਾਰ ਅਤੇ ਯੂਜੀਸੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ: ਯੂਨੀਅਨ ਸਕੱਤਰ
ਯੂਨੀਅਨ ਆਗੂ ਗਗਨਪ੍ਰੀਤ ਕੌਸ਼ਲ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਚੁੱਕੀ ਸੀ ਤੇ ਅੱਜ ਤੋਂ ਕਾਲਜਾਂ ਵਿਚ ਧਰਨੇ ਸ਼ੁਰੂ ਕਰ ਦਿੱਤੇ ਗਏ ਹਨ ਤੇ ਜੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਆਵਾਜ਼ ਹੁਣ ਵੀ ਨਾ ਸੁਣੀ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਯੂਨੀਅਨ ਦੀ ਸਕੱਤਰ ਡਾ. ਗਗਨਪ੍ਰੀਤ ਕੌਸ਼ਲ ਨੇ ਕਿਹਾ ਕਿ ਇਹ ਯੂਜੀਸੀ ਅਤੇ ਸਬੰਧਤ ਯੂਨੀਵਰਸਿਟੀਆਂ ਦਾ ਕੰਮ ਹੈ ਕਿ ਉਹ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਅਧਿਆਪਕਾਂ ਦੀ ਤਰੱਕੀ ਲਈ ਮਾਪਦੰਡ ਤੈਅ ਕਰਨ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ 18 ਜੁਲਾਈ, 2018 ਤੋਂ ਸੀਏਐੱਸ ਤਰੱਕੀ ਦੇ ਸਬੰਧ ਵਿੱਚ ਯੂਜੀਸੀ ਨਿਯਮ, 2018 ਨੂੰ ਪਹਿਲਾਂ ਹੀ ਅਪਣਾ ਲਿਆ ਹੈ।