ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਵੱਛ ਸਰਵੇਖਣ: ਚੰਡੀਗੜ੍ਹ ਮੁਲਕ ਭਰ ’ਚੋਂ ਦੂਜੇ ਸਥਾਨ ’ਤੇ

ਤਿੰਨ ਤੋਂ ਦਸ ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਮਿਲਿਆ ਸਨਮਾਨ
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਮੇਅਰ ਹਰਪ੍ਰੀਤ ਕੌਰ ਬਬਲਾ ਰਾਸ਼ਟਰਪਤੀ ਤੋਂ ਸਨਮਾਨ ਚਿੰਨ੍ਹ ਹਾਸਲ ਕਰਦੇ ਹੋਏ।
Advertisement

ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸਫ਼ਾਈ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਦਰਜਾ ‘ਸਵੱਛ ਸਰਵੇਖਣ-2024’ ਵਿੱਚ 3 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਪ੍ਰਾਪਤ ਹੋਇਆ ਹੈ। ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਦਿੱਲੀ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਮੇਅਰ ਹਰਪ੍ਰੀਤ ਕੌਰ ਬਬਲਾ ਨੂੰ ਇਹ ਪੁਰਸਕਾਰ ਦਿੱਤਾ। ਸ਼ਹਿਰ ਦੀ ਸਫ਼ਾਈ ਸਬੰਧੀ ਪੁਰਸਕਾਰ ਦੇਣ ਦਾ ਇਹ ਐਲਾਨ ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਕੀਤਾ ਗਿਆ ਸੀ। ਪਿਛਲੇ ਸਾਲ 2023 ਵਿੱਚ ਚੰਡੀਗੜ੍ਹ 11ਵੇਂ ਸਥਾਨ ’ਤੇ ਸੀ ਪਰ ਇਸ ਵਾਰ ਨਗਰ ਨਿਗਮ ਦੀ ਸਖ਼ਤ ਮਿਹਨਤ ਨਾਲ ਸ਼ਹਿਰ ਨੂੰ ਇਹ ਵੱਡੀ ਸਫ਼ਲਤਾ ਮਿਲੀ ਹੈ। ਨਗਰ ਨਿਗਮ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਸਫ਼ਾਈ ਅਤੇ ਜਨਤਕ ਥਾਵਾਂ ਉੱਤੇ ਕੂੜਾ ਸੁੱਟਣ ਤੋਂ ਰੋਕਣ ਲਈ ਬਾਕਾਇਦਾ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਉੱਤੇ ਕੋਈ ਵੀ ਸ਼ਹਿਰ ਵਾਸੀ ਜਨਤਕ ਥਾਂ ਉੱਤੇ ਕੂੜਾ ਸੁੱਟਣ ਵਾਲੇ ਦੀ ਫੋਟੋ ਜਾਂ ਵੀਡੀਓ ਬਣਾ ਕੇ ਭੇਜ ਸਕਦਾ ਹੈ ਜਿਸ ਉਪਰੰਤ ਨਿਗਮ ਵੱਲੋਂ ਸਬੰਧਤ ਵਿਅਕਤੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਨਗਰ ਨਿਗਮ ਵੱਲੋਂ ਚੁੱਕੇ ਗਏ ਅਜਿਹੇ ਕਦਮਾਂ ਨਾਲ ਸ਼ਹਿਰ ਦੀ ਸਫ਼ਾਈ ਪੱਖੋਂ ਰੈਂਕਿੰਗ ਵਧੀ ਹੈ।

ਨਗਰ ਨਿਗਮ ਦੀ ਮਿਹਨਤ ਲਿਆਈ ਰੰਗ

Advertisement

ਨਗਰ ਨਿਗਮ ਨੇ ਸ਼ਹਿਰ ਨੂੰ ਸਾਫ਼ ਰੱਖਣ ਲਈ ਸਖ਼ਤ ਕਦਮ ਚੁੱਕੇ ਹਨ। ਖੁੱਲ੍ਹੇ ਵਿੱਚ ਜਾਂ ਗਲਤ ਜਗ੍ਹਾ ’ਤੇ ਕੂੜਾ ਸੁੱਟਣ ਵਾਲਿਆਂ ’ਤੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਨਿਗਰਾਨੀ ਕੀਤੀ ਗਈ। ਇੱਥੋਂ ਤੱਕ ਕਿ ਕੂੜੇ ਵਿੱਚੋਂ ਸਬੂਤ ਲੱਭ-ਲੱਭ ਕੇ ਚਲਾਨ ਜਾਰੀ ਕੀਤੇ ਗਏ। ਇਸ ਤੋਂ ਇਲਾਵਾ, ਘਰ-ਘਰ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ, ਸੁੱਕਾ ਅਤੇ ਗਿੱਲਾ ਕੂੜਾ ਵੱਖ ਕਰਨ ਦੀ ਸਹੂਲਤ ਅਤੇ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ ਡੱਬੇ ਲਗਾਉਣ ਦਾ ਕੰਮ ਵੀ ਵਧੀਆ ਢੰਗ ਨਾਲ ਕੀਤਾ ਗਿਆ।

Advertisement