ਨੰਗਲ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਸਫਾਈ ਮੁਹਿੰਮ ਸ਼ੁਰੂ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਚੱਲ ਰਹੀ ਸਫ਼ਾਈ ਮੁਹਿੰਮ ਦੀ ਸਫ਼ਲਤਾ ਲਈ ਪੰਚ-ਸਰਪੰਚਾਂ, ਯੂਥ ਕਲੱਬਾਂ, ਨੌਜਵਾਨਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਯੋਗਦਾਨ ਪਾਉਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਸਾਫ-ਸੁਥਰਾ ਤੇ ਰੋਗਾਣੂ- ਮੁਕਤ ਮਹੌਲ ਦੇਣਾ ਸਾਡਾ ਨੈਤਿਕ ਫਰਜ਼ ਹੈ। ਇਸ ਲਈ ਅੱਜ 2 ਆਰਵੀਅਰ ਨੰਗਲ ਤੋਂ ਸੈਨੇਟਾਈਜ਼ਰ ਅਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਹੜ੍ਹ ਪ੍ਰਭਾਵਿਤ ਸਾਰੇ ਪਿੰਡਾਂ ਵਿੱਚ ਜਾਰੀ ਰਹੇਗੀ। ਦਵਾਈਆਂ ਦੇ ਛਿੜਕਾਅ ਲਈ ਸਪਰੇਅ ਅਤੇ ਟੈਂਟ ਇਲਾਕੇ ਵਿੱਚ ਪਹੁੰਚ ਚੁੱਕੇ ਹਨ। ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਲਈ ਮੈਡੀਕਲ ਸਹੂਲਤਾਂ ਅਤੇ ਟੀਕਾਕਰਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਅੱਜ ਇਹ ਮੁਹਿੰਮ ਕੈਬਨਿਟ ਮੰਤਰੀ ਬੈਂਸ ਅਤੇ ਉਨ੍ਹਾਂ ਦੀ ਟੀਮ ਦੀ ਦੇਖ-ਰੇਖ ਹੇਠ ਸ਼ੁਰੂ ਹੋਈ। ਬੈਂਸ ਨੇ ਹਰੇਕ ਪਿੰਡ ਦੇ ਪੰਚ-ਸਰਪੰਚ ਨੂੰ ਆਪਣੀ ਗ੍ਰਾਮ ਪੰਚਾਇਤ ਵਿੱਚ ਤੁਰੰਤ ਸਫ਼ਾਈ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ। ਸਫਾਈ ਮੁਹਿੰਮ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਸੈਨੇਟਾਈਜ਼ਿੰਗ ਵਾਹਨ ਵਿੱਚ ਬੈਠੇ ਅਤੇ ਨੰਗਲ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਮੁਹਿੰਮ ਅਰੰਭ ਕੀਤੀ। ਉਨ੍ਹਾਂ ਨੇ ਖੁਦ ਵਾਹਨ ਰਾਹੀਂ ਨੰਗਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ। ਇਹ ਖ਼ਾਸ ਵਾਹਨ ਆਧੁਨਿਕ ਪ੍ਰਣਾਲੀ ਅਤੇ ਵੱਡੇ ਟੈਂਕ ਨਾਲ ਲੈਸ ਹੈ, ਜੋ ਇਲਾਕੇ ਵਿੱਚ ਦਵਾਈ ਦਾ ਛਿੜਕਾਅ ਕਰਦਾ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਸਫ਼ਾਈ ਕੀਤੀ ਜਾ ਸਕੇ। ਬੈਂਸ ਨੇ ਕਿਹਾ ਕਿ ਹੜ੍ਹ ਦੇ ਸਮੇਂ ਸੜਕਾਂ ਦੇ ਕਿਨਾਰਿਆਂ ’ਤੇ ਖੜ੍ਹਾ ਪਾਣੀ ਮਲੇਰੀਆ, ਡੇਂਗੂ ਅਤੇ ਚਿਕਨਪੌਕਸ ਵਰਗੀਆਂ ਬਿਮਾਰੀਆਂ ਵਧਾ ਰਿਹਾ ਹੈ। ਇਸ ਦਾ ਮੁਕਾਬਲਾ ਕਰਨ ਲਈ ਤਿੰਨ ਕਿਸਮਾਂ ਦੀਆਂ ਕੈਮੀਕਲ ਫੌਗਿੰਗ ਮਸ਼ੀਨਾਂ ਦੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਡਾ. ਸੰਜੀਵ ਗੌਤਮ ਜ਼ਿਲ੍ਹਾ ਕੋਆਰਡੀਨੇਟਰ, ਐਡਵੋਕੇਟ ਨਿਸ਼ਾਤ ਗੁਪਤਾ, ਪੱਮੂ ਢਿੱਲੋਂ ਸਰਪੰਚ, ਸਤੀਸ਼ ਚੋਪੜਾ, ਲਵਲੀ ਆਂਗਰਾਂ, ਮੋਹਿਤ ਦੀਵਾਨ, ਹਰਦੀਪ ਬੈਂਸ, ਨਿਤਿਨ ਸ਼ਰਮਾ, ਦਲਜੀਤ ਸਿੰਘ ਕਾਕਾ, ਅਸ਼ਵਨੀ ਤੇ ਪਤਵੰਤੇ ਹਾਜ਼ਰ ਸਨ।