DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਰ੍ਹਵੀਂ ਦਾ ਨਤੀਜਾ: ਮੁਹਾਲੀ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ, 13 ਬੱਚੇ ਮੈਰਿਟ ’ਚ ਆਏ

ਸਰਕਾਰੀ ਮੈਰੀਟੋਰੀਅਸ ਸਕੂਲ ਸੈਕਟਰ-70 ਦੇ ਵਿਦਿਆਰਥੀਆਂ ਨੇ ਮੁਹਾਲੀ ਦਾ ਨਾਂ ਕੀਤਾ ਰੌਸ਼ਨ: ਕੁਲਵੰਤ ਸਿੰਘ
  • fb
  • twitter
  • whatsapp
  • whatsapp
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 14 ਮਈ

Advertisement

ਮਹਿਕ ਸ਼ਰਮਾ
ਮਹਿਕਪ੍ਰੀਤ ਕੌਰ
ਭਾਵਨਾ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਅੱਜ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਬੋਰਡ ਵੱਲੋਂ ਜਾਰੀ 290 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਪੰਜਾਬ ਦੀ ਮਿਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਵੀਆਈਪੀ ਸ਼ਹਿਰ ਮੁਹਾਲੀ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ। ਮੁਹਾਲੀ ਜ਼ਿਲ੍ਹੇ ਦੇ 13 ਵਿਦਿਆਰਥੀ ਪੰਜਾਬ ਦੀ ਮੈਰਿਟ ਵਿੱਚ ਆਏ ਹਨ। ਇਨ੍ਹਾਂ ’ਚੋਂ ਸਭ ਤੋਂ ਵੱਧ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੇ 11 ਵਿਦਿਆਰਥੀ ਹਨ। ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਮੁਹਾਲੀ ਦੀ ਲਾਜ ਰੱਖੀ ਹੈ ਜਦੋਂਕਿ ਇੱਕ ਲਾਲੜੂ ਅਤੇ ਇੱਕ ਖ਼ਿਜ਼ਰਾਬਾਦ (ਕੁਰਾਲੀ) ਦਾ ਵਿਦਿਆਰਥੀ ਵੀ ਮੈਰਿਟ ਵਿੱਚ ਆਇਆ ਹੈ। ਜਿਵੇਂ ਪੰਜਾਬ ਪੱਧਰ ਦੀ ਮੈਰਿਟ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ ਹਨ, ਓਵੇਂ ਮੁਹਾਲੀ ਜ਼ਿਲ੍ਹੇ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਲੜਕੀਆਂ ਨੇ ਕਬਜ਼ਾ ਕੀਤਾ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ 7664 ਵਿਦਿਆਰਥੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਸਨ। ਇਨ੍ਹਾਂ ’ਚੋਂ 7133 ਬੱਚੇ ਚੰਗੇ ਅੰਕ ਲੈ ਕੇ ਪਾਸ ਹੋਏ ਹਨ ਅਤੇ ਉਨ੍ਹਾਂ ਦੀ ਪਾਸ ਪ੍ਰਤੀਸ਼ਤਤਾ 93.07 ਫ਼ੀਸਦੀ ਹੈ। ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੀ ਮਹਿਕ ਸ਼ਰਮਾ ਨੇ 497 ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਦੀ ਮੈਰਿਟ ਵਿੱਚ ਉਸ ਦਾ ਤੀਜਾ ਰੈਂਕ ਹੈ। ਮਹਿਕਪ੍ਰੀਤ ਕੌਰ ਨੇ 493 ਅੰਕਾਂ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਦੂਜਾ ਅਤੇ ਪੰਜਾਬ ਵਿੱਚ 7ਵਾਂ ਰੈਂਕ ਤੇ ਭਾਵਨਾ ਨੇ 491 ਅੰਕਾਂ ਨਾਲ ਜ਼ਿਲ੍ਹੇ ਵਿੱਚ ਤੀਜਾ ਅਤੇ ਪੰਜਾਬ ਦੀ ਮੈਰਿਟ ਵਿੱਚ ਨੌਵਾਂ ਸਥਾਨ ਮੱਲਿਆ ਹੈ। ਇਹ ਤਿੰਨੇ ਵਿਦਿਆਰਥਣਾਂ ਨਾਨ-ਮੈਡੀਕਲ ਗਰੁੱਪ ਦੀਆਂ ਹਨ। ਇਸੇ ਸਕੂਲ ਦੇ ਕਾਮਰਸ ਗਰੁੱਪ ਦੇ ਧੀਰਜ ਚੌਧਰੀ ਨੇ 490 ਅੰਕਾਂ ਨਾਲ ਜ਼ਿਲ੍ਹੇ ਵਿੱਚ ਚੌਥਾ ਅਤੇ ਪੰਜਾਬ ਵਿੱਚ 10ਵਾਂ ਰੈਂਕ, ਸਾਇੰਸ ਗਰੁੱਪ ਦੀ ਪਾਇਲ ਤੇ ਵਿਨਾਇਕ ਕੁਮਾਰ ਨੇ 489 ਅੰਕਾਂ ਨਾਲ ਪੰਜਾਬ ਵਿੱਚ 11ਵਾਂ ਰੈਂਕ, ਇਸੇ ਗਰੁੱਪ ਦੇ ਕੁੰਦਨ ਨੇ 488 ਅੰਕਾਂ ਨਾਲ ਪੰਜਾਬ ਵਿੱਚ 12ਵਾਂ, ਅਤਰਜੋਤ ਸਿੰਘ ਅਤੇ ਕਾਮਰਸ ਗਰੁੱਪ ਦੇ ਹਬੀਬ ਅਤੇ ਸਰਕਾਰੀ ਸਕੂਲ ਲਾਲੜੂ ਦੇ ਸੁਧਾਂਸ਼ੂ ਤਿਵਾੜੀ ਨੇ 487 ਅੰਕਾਂ ਨਾਲ ਪੰਜਾਬ ਵਿੱਚ 13ਵਾਂ, ਸਰਕਾਰੀ ਸਕੂਲ ਖ਼ਿਜ਼ਰਾਬਾਦ ਦੀ ਕਾਮਰਸ ਗਰੁੱਪ ਦੀ ਮਾਨਸੀ ਜੋਸ਼ੀ ਤੇ ਮੈਰੀਟੋਰੀਅਸ ਸਕੂਲ ਮੁਹਾਲੀ ਦੀ ਕਾਮਰਸ ਗਰੁੱਪ ਦੀ ਰੀਤੂ ਅਤੇ ਸਾਇੰਸ ਗਰੁੱਪ ਦੀ ਸੁਨੇਹਾ ਨੇ 486 ਅੰਕਾਂ ਨਾਲ ਪੰਜਾਬ ਵਿੱਚ 14ਵਾਂ ਰੈਂਕ ਹਾਸਲ ਕੀਤਾ ਹੈ।

ਪ੍ਰਨੀਤ ਕੌਰ ਫ਼ਤਹਿਗੜ੍ਹ ਜ਼ਿਲ੍ਹੇ ਵਿੱਚੋਂ ਅੱਵਲ

ਪ੍ਰਨੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਰਿਵਾਰਕ ਮੈਂਬਰ।

ਖਮਾਣੋਂ (ਜਗਜੀਤ ਕੁਮਾਰ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਕਲਾਂ ਦੀ ਵਿਦਿਆਰਥਣ ਪ੍ਰਨੀਤ ਕੌਰ ਮਨੈਲਾ ਪੁੱਤਰੀ ਬਲਜੀਤ ਸਿੰਘ ਮਨੈਲਾ ਨੇ ਸੁਪਰ ਮੈਡੀਕਲ ਗਰੁੱਪ ‘ਚ ਕੁਲ ਅੰਕਾਂ ’ਚੋਂ 99 ਫ਼ੀਸਦੀ ਅੰਕ ਲੈ ਕੇ ਪੰਜਾਬ ’ਚੋਂ 20ਵਾਂ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਨੀਤ ਨੇ ਨਤੀਜੇ ਦਾ ਸਿਹਰਾ ਆਪਣੀ ਮਿਹਨਤ, ਸਕੂਲ ਪ੍ਰਿੰਸੀਪਲ, ਸਟਾਫ ਅਤੇ ਆਪਣੇ ਮਾਪਿਆਂ ਨੂੰ ਦਿੱਤਾ ਹੈ।

ਮੰਤਰੀ ਬੈਂਸ ਵੱਲੋਂ ਵਿਦਿਆਰਥੀਆਂ ਦੀ ਸ਼ਲਾਘਾ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਿਹਤਰੀਨ ਵਿੱਦਿਅਕ ਕਾਰਗੁਜ਼ਾਰੀ ਪ੍ਰਤੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ। ਬੈਂਸ ਨੇ ਬਾਰ੍ਹਵੀਂ ਜਮਾਤ ਵਿੱਚ ਸਰਬੋਤਮ ਪ੍ਰਦਰਸ਼ਨ ਕਰਨ ਵਾਲੀਆਂ ਲੜਕੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਬਰਨਾਲਾ ਦੀ ਹਰਸੀਰਤ ਕੌਰ ਨੇ 100 ਫੀਸਦੀ ਅੰਕ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਲੜਕੀਆਂ ਹਰ ਖੇਤਰ ਵਿੱਚ ਅੱਗੇ ਹਨ। ਦੂਜਾ ਅਤੇ ਤੀਜਾ ਸਥਾਨ ਵੀ ਕੱਸੋਆਣਾ (ਫਿਰੋਜ਼ਪੁਰ) ਦੀ ਮਨਵੀਰ ਕੌਰ ਅਤੇ ਭੀਖੀ (ਮਾਨਸਾ) ਦੀ ਅਰਸ਼ ਨੇ ਹਾਸਲ ਕੀਤਾ ਹੈ। ਉਨ੍ਹਾਂ ਨੇ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਦੀ ਵੀ ਸ਼ਲਾਘਾ ਕੀਤੀ।

ਵਿਧਾਇਕ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ

‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਜ਼ਿਲ੍ਹੇ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਲੜਕੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਨੇ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੀ ਪ੍ਰਿੰਸੀਪਲ ਸਮੇਤ ਸਮੂਹ ਅਧਿਆਪਕਾਂ ਦੀ ਸਖ਼ਤ ਮਿਹਨਤ ਲਈ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਵੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਮੈਰੀਟੋਰੀਅਸ ਸਕੂਲ ਮੁਹਾਲੀ ਦੇ 13 ਵਿਦਿਆਰਥੀ ਮੈਰਿਟ ਵਿੱਚ ਆਏ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸਰਕਾਰੀ ਸਕੂਲਾਂ ਦੇ ਸ਼ਾਨਦਾਰ ਨਤੀਜੇ ਇਸ ਪ੍ਰਤੱਖ ਸਬੂਤ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਜ਼ਿਆਦਾਤਰ ਗਰੀਬ ਵਰਗ ਦੇ ਬੱਚੇ ਪੜ੍ਹਦੇ ਹਨ ਪ੍ਰੰਤੂ ਸਰਕਾਰ ਵੱਲੋਂ ਮਿਆਰੀ ਸਿੱਖਿਆ ਪ੍ਰਦਾਨ ਕਰਨ ਕਰ ਕੇ ਉਨ੍ਹਾਂ ਨੇ ਪੰਜਾਬ ਅਤੇ ਜ਼ਿਲ੍ਹੇ ਦੀ ਮੈਰਿਟ ਵਿੱਚ ਆਪਣੀ ਥਾਂ ਬਣਾਈ ਹੈ।

Advertisement
×