ਸਿਟੀ ਬਿਊਟੀਫੁੱਲ ਹਫ਼ਤੇ ਮਗਰੋਂ ਹੋ ਜਾਵੇਗਾ ਝੁੱਗੀਆਂ ਤੋਂ ਮੁਕਤ
ਯੂਟੀ ਪ੍ਰਸ਼ਾਸਨ ਵੱਲੋਂ 7 ਦਿਨਾਂ ਬਾਅਦ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚੋਂ ਝੁੱਗੀ ਬਸਤੀਆਂ ਦਾ ਸਫਾਇਆ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਸ਼ਹਿਰ ਦੇਸ਼ ਦਾ ਪਹਿਲਾਂ ਝੱਗੀਆਂ ਬਸਤੀਆਂ ਤੋਂ ਮੁਕਤ ਸ਼ਹਿਰ ਬਣ ਜਾਵੇਗਾ। ਇਸ ਲਈ ਯੂਟੀ ਪ੍ਰਸ਼ਾਸਨ ਨੇ 30 ਸਤੰਬਰ...
ਯੂਟੀ ਪ੍ਰਸ਼ਾਸਨ ਵੱਲੋਂ 7 ਦਿਨਾਂ ਬਾਅਦ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚੋਂ ਝੁੱਗੀ ਬਸਤੀਆਂ ਦਾ ਸਫਾਇਆ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਸ਼ਹਿਰ ਦੇਸ਼ ਦਾ ਪਹਿਲਾਂ ਝੱਗੀਆਂ ਬਸਤੀਆਂ ਤੋਂ ਮੁਕਤ ਸ਼ਹਿਰ ਬਣ ਜਾਵੇਗਾ। ਇਸ ਲਈ ਯੂਟੀ ਪ੍ਰਸ਼ਾਸਨ ਨੇ 30 ਸਤੰਬਰ ਨੂੰ ਸੈਕਟਰ-38 ਵੈਸਟ ਦੇ ਨਾਲ 6 ਏਕੜ ਵਿੱਚ ਫੈਲੀ ਝੁੱਗੀ ਬਸਤੀ ਸ਼ਾਹਪੁਰ ਕਲੋਨੀ ਨੂੰ ਢਾਹੁਣ ਦਾ ਫੈਸਲਾ ਕੀਤਾ ਹੈ। ਯੂਟੀ ਪ੍ਰਸ਼ਾਸਨ ਨੇ ਸ਼ਾਹਪੁਰ ਕਲੋਨੀ ਦੇ ਵਾਸੀਆਂ ਨੂੰ ਕਲੋਨੀ ਖਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਲਈ ਪ੍ਰਸ਼ਾਸਨ ਵੱਲੋਂ ਨੋਟਿਸ ਵੀ ਜਾਰੀ ਕੀਤੇ ਗਏ ਹਨ, ਹਾਲਾਂਕਿ ਲੋਕਾਂ ਵੱਲੋਂ ਨੋਟਿਸ ਨਾ ਲੈਣ ’ਤੇ ਪ੍ਰਸ਼ਾਸਨ ਨੇ ਸ਼ਾਹਪੁਰ ਕਲੋਨੀ ਵਿੱਚ ਘਰਾਂ ਦੇ ਬਾਹਰ ਹੀ ਨੋਟਿਸ ਚਿਪਕਾ ਦਿੱਤੇ ਹਨ। ਹੁਣ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਹਪੁਰ ਕਲੋਨੀ ’ਤੇ ਬੁਲਡੋਜ਼ਰ ਚਲਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਸ਼ਾਹਪੁਰ ਕਲੋਨੀ ਵਿੱਚ ਕੀਤੇ ਸਰਵੇਖਣ ਅਨੁਸਾਰ 44 ਪਰਿਵਾਰਾਂ ਨੂੰ ਪੁਨਰਵਾਸ ਯੋਜਨਾ ਦੇ ਯੋਗ ਪਾਇਆ ਗਿਆ ਸੀ, ਜਿਨ੍ਹਾਂ ਨੂੰ ਫਲੈਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬਾਕੀ ਲੋਕਾਂ ਨੂੰ ਇੱਥੋਂ ਉਜਾੜ ਦਿੱਤਾ ਜਾਵੇਗਾ। ਇਸ ਲਈ ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਲੋਕਾਂ ਨੂੰ ਘਰ ਖਾਲੀ ਕਰਨ ਲਈ ਅਨਾਊਂਸਮੈਂਟ ਵੀ ਕਰਵਾਈ ਜਾ ਰਹੀ ਹੈ। ਉੱਧਰ, ਪ੍ਰਸ਼ਾਸਨ ਦੀ ਕਾਰਵਾਈ ਦੀ ਜਾਣਕਾਰੀ ਮਿਲਦਿਆਂ ਹੀ ਲੋਕਾਂ ਵੱਲੋਂ ਆਪੋ-ਆਪਣਾ ਸਾਮਾਨ ਵੀ ਸਮੇਟਣਾ ਸ਼ੁਰੂ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸ਼ਾਹਪੁਰ ਕਲੋਨੀ 6 ਏਕੜ ਜ਼ਮੀਨ ਵਿੱਚ ਫੈਲੀ ਹੋਈ ਹੈ, ਜਿੱਥੇ 500 ਝੁੱਗੀਆਂ ਹਨ। ਇਨ੍ਹਾਂ ਝੁੱਗੀਆਂ ਵਿੱਚ 2,000 ਤੋਂ ਵੱਧ ਲੋਕ ਰਹਿੰਦੇ ਹਨ। ਇਸ ਤੋਂ ਪਹਿਲਾਂ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚੋਂ 19 ਝੁੱਗੀਆਂ-ਝੌਂਪੜੀਆਂ ਵਾਲੀਆਂ ਬਸਤੀਆਂ ਵਿੱਚੋਂ 18 ਨੂੰ ਢਾਹ ਕੇ 500 ਏਕੜ ਦੇ ਕਰੀਬ ਜ਼ਮੀਨ ਨੂੰ ਖਾਲੀ ਕਰਵਾਇਆ ਸੀ, ਜਿਸ ਦੀ ਕੀਮਤ ਦੋ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਹੈ। ਹੁਣ ਸ਼ਹਿਰ ਵਿੱਚ ਸਿਰਫ਼ ਇਕ ਬਸਤੀ ਰਹਿ ਗਈ ਹੈ, ਉਸ ’ਤੇ ਵੀ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਤਿਆਰੀ ਖਿੱਚ ਲਈ ਹੈ।