ਸਿਟੀ ਬਿਊਟੀਫੁੱਲ ’ਚ ਅੱਜ ਦੁਪਹਿਰ ਤੱਕ ਪਈ ਹੁੰਮਸ ਭਰੀ ਗਰਮੀ ਤੋਂ ਬਾਅਦ ਅਚਾਨਕ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਬਾਅਦ ਦੁਪਹਿਰ ਛਾਈਆਂ ਕਾਲੀਆਂ ਘਟਾਵਾਂ ਨਾਲ ਸ਼ਹਿਰ ਵਿੱਚ ਦਿਨ ਵੇਲੇ ਹੀ ਹਨੇਰਾ ਪੱਸਰ ਗਿਆ। ਚਾਰ ਵਜੇ ਤੱਕ ਮੌਸਮ ਕਾਫੀ ਸੁਹਾਵਣਾ ਬਣਿਆ ਰਿਹਾ। ਇਸ ਤੋਂ ਬਾਅਦ ਪਏ ਤੇਜ਼ ਮੀਂਹ ਨੇ ਕਈ ਇਲਾਕਿਆਂ ਨੂੰ ਜਲ-ਥਲ ਕਰ ਦਿੱਤਾ। ਇਸ ਦੌਰਾਨ ਸੜਕਾਂ ’ਤੇ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉੱਧਰ ਮੌਸਮ ਵਿਗਿਆਨੀਆਂ ਨੇ ਅਗਲੇ ਤਿੰਨ ਦਿਨ ਸ਼ਹਿਰ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਸ਼ਹਿਰ ਵਿੱਚ ਧੁੱਪ ਨਿਕਲੀ ਹੋਈ ਸੀ ਪਰ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਇਕ-ਦਮ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ। ਅਸਮਾਨ ਵਿੱਚ ਕਾਲੀ ਘਟਾ ਛਾ ਗਈ, ਜਿਸ ਨੇ ਦੇਖਦੇ ਹੀ ਦੇਖਦੇ ਸ਼ਹਿਰ ਵਿੱਚ ਹਨੇਰਾ ਕਰ ਦਿੱਤਾ। ਇਸ ਦੌਰਾਨ ਸ਼ਹਿਰ ਵਿੱਚ 3.30 ਤੋਂ 4 ਵਜੇ ਦੇ ਵਿਚਕਾਰ ਹੀ ਸਮਾਂ ਰਾਤ ਦੇ 7-8 ਵਜੇ ਵਰਗਾ ਹੋ ਗਿਆ ਸੀ। ਲੋਕ ਵੀ ਵਾਹਨਾਂ ਦੀਆਂ ਲਾਈਟਾਂ ਚਲਾ ਕੇ ਸੜਕਾਂ ਤੋਂ ਗੁਜਰਦੇ ਰਹੇ। ਇਸ ਤੋਂ ਬਾਅਦ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਮੀਂਹ ਵੀ ਪਿਆ। ਮੀਂਹ ਨੇ ਪੰਜਾਬ ਯੂਨੀਵਰਸਿਟੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਜਲ-ਥਲ ਕਰ ਦਿੱਤਾ ਹੈ। ਮੀਂਹ ਕਰਕੇ ਪੰਜਾਬ ਯੂਨੀਵਰਸਿਟੀ ਵਿੱਚ ਕਾਫੀ ਪਾਣੀ ਭਰ ਹੋ ਗਿਆ, ਜਿਸ ਕਰਕੇ ਵਿਦਿਆਰਥੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿ ਸੈਕਟਰ-35, 22, 23, 24, 25 ਤੇ ਹੋਰ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ 24.8 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਮੁਹਾਲੀ ਵਿੱਚ 23.5 ਐੱਮਐੱਮ ਮੀਂਹ ਪਿਆ। ਜਦੋਂ ਕਿ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਭਾਗ ਨੇ 25, 26 ਤੇ 27 ਅਗਸਤ ਲਈ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਸੁਖਨਾ ਝੀਲ ’ਤੇ ਲੱਗੀਆਂ ਰਹੀਆਂ ਰੌਣਕਾਂ
ਸਿਟੀ ਬਿਊਟੀਫੁੱਲ ਵਿੱਚ ਅੱਜ ਐਤਵਾਰ ਨੂੰ ਬਾਅਦ ਦੁਪਹਿਰ ਇਕਦਮ ਮੌਸਮ ਦਾ ਮਿਜਾਜ਼ ਬਦਲਣ ਕਰਕੇ ਮੌਸਮ ਖੁਸ਼ਗਵਾਰ ਹੋ ਗਿਆ ਹੈ। ਮੌਸਮ ਵਿੱਚ ਬਦਲਾਅ ਦੇ ਚਲਦਿਆਂ ਸੁਖਨਾ ਝੀਲ, ਰੌਕ ਗਾਰਡਨ ਅਤੇ ਰੋਜ਼ ਗਾਰਡਨ ਵਿੱਚ ਲੋਕਾਂ ਦੀ ਭੀੜ ਲੱਗ ਗਈ। ਸੁਖਨਾ ਝੀਲ ’ਤੇ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ, ਜੋ ਕਿ ਮੌਸਮ ਦਾ ਆਨੰਦ ਮਾਨ ਰਹੇ ਸਨ। ਇਸ ਦੌਰਾਨ ਸੁਖਨਾ ਝੀਲ ਵਾਲੀ ਸੜਕ ’ਤੇ ਲੋਕਾਂ ਦੀ ਭੀੜ ਨੂੰ ਵੇਖਦਿਆਂ ਚੰਡੀਗੜ੍ਹ ਟਰੈਫ਼ਿਕ ਪੁਲੀਸ ਵੱਲੋਂ ਵੀ ਬਾਅਦ ਦੁਪਹਿਰ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ। ਇਸ ਦੌਰਾਨ ਪੁਲੀਸ ਵੱਲੋਂ ਲੋਕਾਂ ਨੂੰ ਹਾਈ ਕੋਰਟ ਦੀ ਪਾਰਕਿੰਗ ਵਿੱਚ ਵਾਹਨ ਖੜੇ ਕਰਕੇ ਪੈਦਨ ਝੀਲ ’ਤੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ।