ਸਿਟਕੋ ਦੀ ਪੈਟਰੋਲ ਪੰਪਾਂ ਤੋਂ ਕਮਾਈ ਵਧੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੂਨ
ਚੰਡੀਗੜ੍ਹ ਵਿੱਚ ਸਿਟਕੋ ਨੇ ਪੈਟਰੋਲ ਪੰਪਾਂ ਰਾਹੀਂ ਰਿਕਾਰਡ ਕਮਾਈ ਕੀਤੀ ਹੈ। ਇਸ ਸਾਲ ਸਿਟਕੋ ਨੇ ਪੈਟਰੋਲ ਪੰਪਾਂ ਰਾਹੀਂ ਕੁੱਲ 683.86 ਕਰੋੜ ਰੁਪਏ ਦੀ ਵਿਕਰੀ ਕਰ ਕੇ 17.47 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜੋ ਪਿਛਲੇ ਸਾਲ ਨਾਲੋਂ 2.20 ਕਰੋੜ ਰੁਪਏ ਵੱਧ ਹੈ। ਸਿਟਕੋ ਨੇ ਵਿੱਤ ਵਰ੍ਹੇ 2023-24 ਵਿੱਚ ਪੈਟਰੋਲ ਪੰਪਾਂ ਰਾਹੀਂ 15.27 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਸਾਲ 2022-23 ਵਿੱਚ 11.76 ਕਰੋੜ ਰੁਪਏ ਕਮਾਏ ਸਨ। ਇਸ ਤਰ੍ਹਾਂ ਸਿਟਕੋ ਦੀ ਕਮਾਈ ਹਰ ਸਾਲ ਲਗਾਤਾਰ ਵਧਦੀ ਜਾ ਰਹੀ ਹੈ।
ਇਸ ਤੋਂ ਇਲਾਵਾ ਸਿਟਕੋ ਨੇ ਜੁਲਾਈ 2024 ਵਿੱਚ ਧਨਾਸ ਪੈਟਰੋਲ ਪੰਪ ’ਤੇ ਸੀਐੱਨਜੀ ਸੁਵਿਧਾ ਦੀ ਸ਼ੁਰੂਆਤ ਕਰ ਕੇ ਨਵੀਂ ਪਹਿਲਕਦਮੀ ਕੀਤੀ ਹੈ। ਦੂਜੇ ਪਾਸੇ, ਸਿਟਕੋ ਨੇ ਸੈਕਟਰ-56 ਵਿੱਚ ਸਥਿਤ ਪੈਟਰੋਲ ਪੰਪ ਦੇ ਆਧੁਨਿਕੀਕਰਨ ਨਾਲ ਗ੍ਰਾਹਕ ਸੇਵਾ ਵਿੱਚ ਵਧੇਰੇ ਸੁਧਾਰ ਲਿਆਂਦੇ ਹਨ। ਸਿਟਕੋ ਸ਼ਹਿਰ ਵਿੱਚ ਵਧ ਰਹੀ ਮੰਗ ਨੂੰ ਦੇਖਦਿਆਂ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਵੀ ਨਵਾਂ ਪੈਟਰੋਲ ਪੰਪ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿਟਕੋ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਦੇ ਸਹਿਯੋਗ ਨਾਲ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨਾਲ ਸਮਝੌਤਾ ਕੀਤਾ ਹੈ ਤਾਂ ਜੋ ਸੀਟੀਯੂ ਡਿੱਪੂਆਂ ਵਿੱਚ ਸਿੱਧਾ ਡੀਜ਼ਲ ਸਪਲਾਈ ਕੀਤਾ ਜਾ ਸਕੇ ਜੋ ਆਉਣ ਵਾਲੇ ਦਿਨਾਂ ਵਿੱਚ ਸਿਟਕੋ ਦੀ ਵਿਕਰੀ ਅਤੇ ਮੁਨਾਫ਼ੇ ਨੂੰ ਹੋਰ ਵਧਾਏਗਾ। ਆਉਣ ਵਾਲੇ ਦਿਨਾਂ ਵਿੱਚ ਸਿਟਕੋ ਪੈਟਰੋਲ ਪੰਪਾਂ ’ਤੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਲਈ ਯੋਜਨਾ ਤਿਆਰ ਕਰ ਰਿਹਾ ਹੈ। ਸਿਟਕੋ ਦੇ ਮੈਨੇਜਿੰਗ ਡਾਇਰੈਕਟਰ ਹਰੀ ਕਲਿੱਕਟ ਨੇ ਕਿਹਾ ਕਿ ਸਿਟਕੋ ਦੇ ਪੈਟਰੋਲ ਪੰਪਾਂ ’ਤੇ ਉੱਚ-ਗੁਣਵੱਤਾ ਵਾਲਾ ਤੇਲ, ਅਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ।