ਮੁੱਖ ਸਕੱਤਰ ਵੱਲੋਂ 15 ਦਸੰਬਰ ਤੱਕ ਸੜਕਾਂ ਦੀ ਮੁਰੰਮਤ ਦੇ ਆਦੇਸ਼
ਵੱਖ-ਵੱਖ ਵਿਭਾਗਾਂ ਨਾਲ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ
ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ ਰਾਜੇਸ਼ ਪ੍ਰਸਾਦ ਵੱਲੋਂ ਅੱਜ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਕੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।
ਮੁੱਖ ਸਕੱਤਰ ਨੇ ਇੰਜਨੀਅਰਿੰਗ ਵਿਭਾਗ ਨੂੰ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਦੇ ਕਾਰਜ ਨੂੰ 15 ਦਸੰਬਰ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਤੇ ਸਮਾਜ ਭਲਾਈ ਵਿਭਾਗ ਨੂੰ ਲੋੜਵੰਦਾਂ ਲਈ ਢੁੱਕਵੇਂ ਰੈਣ ਬਸੇਰੇ ਚਾਲੂ ਰੱਖੇ ਜਾਣ ਅਤੇ ਉਨ੍ਹਾਂ ਵਿੱਚ ਸੁਰੱਖਿਆ ਅਤੇ ਹੋਰ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਯੂ ਟੀ ਦੇ ਮੁੱਖ ਸਕੱਤਰ ਨੇ ਅਸਟੇਟ ਦਫ਼ਤਰ ਨੂੰ ਖਾਲੀ ਰਿਹਾਇਸ਼ੀ ਅਤੇ ਕਮਰਸ਼ੀਅਲ ਜਾਇਦਾਦਾਂ ਦੀ ਨਿਲਾਮੀ ਸ਼ਡਿਊਲ ਅਨੁਸਾਰ ਕਰਵਾਉਣ ਅਤੇ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਜਾਇਦਾਦਾਂ ਲਈ ਈ-ਨਿਲਾਮੀ ਪ੍ਰਕਿਰਿਆ ਪੜਾਅਵਾਰ ਅਤੇ ਪਾਰਦਰਸ਼ੀ ਢੰਗ ਨਾਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਨਗਰ ਨਿਗਮ ਨੂੰ ਸਲਾਹ ਦਿੱਤੀ ਕਿ ਉਹ ਪਾਰਕਿੰਗ ਪ੍ਰਬੰਧਨ ਨੂੰ ਸਹੀ ਕਰੇ ਅਤੇ ਬਕਾਇਆ ਜਾਇਦਾਦ ਟੈਕਸ ਦੀ ਵਸੂਲੀ ਸਮੇਂ ਸਿਰ ਪੂਰੀ ਕਰੇ। ਇਸ ਤੋਂ ਇਲਾਵਾ ਇਸ਼ਤਿਹਾਰਾਂ ਰਾਹੀਂ ਨਗਰ ਨਿਗਮ ਦੇ ਮਾਲੀਏ ਵਿੱਚ ਵਾਧਾ ਕਰੇ। ਮੁੱਖ ਸਕੱਤਰ ਨੇ ਦੁਹਰਾਇਆ ਕਿ ਸਾਰੇ ਵਿਭਾਗਾਂ ਦੁਆਰਾ ਅਦਾਲਤੀ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਨ ਕੀਤਾ ਜਾਣਾ ਜ਼ਰੂਰੀ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਸਕੱਤਰ ਨੇ ਵੱਖ-ਵੱਖ ਵਿਭਾਗਾਂ ਦੇ ਭਰਤੀ ਨਿਯਮਾਂ ਨੂੰ ਤੇਜ਼ੀ ਨਾਲ ਅੰਤਿਮ ਰੂਪ ਦੇਣ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਅਸਾਮੀਆਂ ਜਲਦੀ ਭਰਨ ਦੇ ਆਦੇਸ਼ ਦਿੱਤੇ।

