ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਰਵੀ ਚਾਵਲਾ ਦਾ ਅਸਤੀਫ਼ਾ ਮਨਜ਼ੂਰ
ਵਿਕਾਸ ਕਾਰਜਾਂ ਨਾਲ ਸਬੰਧਤ ਫਾਈਲਾਂ ਨੂੰ ਕਲੀਅਰੈਂਸ ਵਿਚ ਦੇਰੀ ਦੀਆਂ ਮਿਲੀਆਂ ਸੀ ਸ਼ਿਕਾਇਤਾਂ
ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਰਵੀ ਚਾਵਲਾ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਰਾਜ ਸਰਕਾਰ ਨੇ ਰਵੀ ਚਾਵਲਾ ਨੂੰ 2.50 ਕਰੋੜ ਰੁਪਏ ਤੋਂ ਵੱਧ ਦੀਆਂ ਇਮਾਰਤਾਂ ਅਤੇ ਸੜਕਾਂ ਦੇ ਟੈਂਡਰਾਂ ਦੀ ਜਾਂਚ ਲਈ ਨਿਯੁਕਤ ਕੀਤਾ ਸੀ ਅਤੇ ਹੁਣ ਇਹ ਕੰਮ ਵਿਭਾਗਾਂ ਦੇ ਮੁਖੀ ਕਰਨਗੇ।
ਰਵੀ ਚਾਵਲਾ ਜੂਨ 2024 ਵਿੱਚ ਮੁੱਖ ਇੰਜਨੀਅਰ ਵਜੋਂ ਸੇਵਾਮੁਕਤ ਹੋਏ ਸਨ। ਚਾਵਲਾ ਨੇ 5 ਨਵੰਬਰ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਸੂਤਰਾਂ ਮੁਤਾਬਕ ਵਿਕਾਸ ਕਾਰਜਾਂ ਨਾਲ ਸਬੰਧਤ ਫਾਈਲਾਂ ਨੂੰ ਕਲੀਅਰ ਕਰਨ ਵਿੱਚ ਕਥਿਤ ਦੇਰੀ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਹੈ।
ਚਾਵਲਾ ਨੂੰ ਮੁੱਖ ਇੰਜਨੀਅਰ ਵਜੋਂ ਸੇਵਾਮੁਕਤੀ ਤੋਂ ਬਾਅਦ ਜੂਨ 2024 ਵਿੱਚ ਤਕਨੀਕੀ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਕੋਲ ਵੱਖ-ਵੱਖ ਵਿਭਾਗਾਂ ਵਿੱਚ ਵਿਕਾਸ ਕਾਰਜਾਂ ਨਾਲ ਸਬੰਧਤ ਕੰਮਾਂ ਦੇ ਤਕਨੀਕੀ ਅਨੁਮਾਨਾਂ ਨੂੰ ਹਰੀ ਝੰਡੀ ਦੇਣਾ ਸੀ। ਚਾਵਲਾ ਖਿਲਾਫ਼ ਫਾਈਲਾਂ ਨੂੰ ਕਲੀਅਰੈਂਸ ਨਾ ਦੇਣ ਸਬੰਧੀ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਤੇ ਨਤੀਜੇ ਵਜੋਂ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਵਿੱਚ ਦੇਰੀ ਹੋ ਰਹੀ ਸੀ। ਸਰਕਾਰ ਨੇ ਚਾਵਲਾ ਨੂੰ ਆਪਣਾ ਅਸਤੀਫ਼ਾ ਦੇਣ ਲਈ ਕਿਹਾ ਸੀ।
ਹੁਣ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਤੌਰ ’ਤੇ ਅਨੁਮਾਨਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ, ਕਿਉਂਕਿ ਵੱਖ-ਵੱਖ ਕੰਮਾਂ ਦੀ ਸਮਾਂ-ਸੀਮਾ ਪੂਰੀ ਨਹੀਂ ਹੋ ਰਹੀ ਸੀ। ਤਕਨੀਕੀ ਸਲਾਹਕਾਰ ਦੇ ਕੰਮ ਵਿਚ ਟੈਂਡਰਾਂ ਦੀ ਜਾਂਚ ਕਰਨਾ, ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਨਿਗਰਾਨੀ ਕਰਨਾ, ਅਤੇ ਸਰਕਾਰੀ ਪ੍ਰੋਜੈਕਟਾਂ ਵਿੱਚ ਤਕਨੀਕੀ ਮਿਆਰਾਂ ਅਤੇ ਗੁਣਵੱਤਾ ਨਿਯੰਤਰਣ ਨੂੰ ਯਕੀਨੀ ਬਣਾਉਣਾ ਸ਼ਾਮਲ ਸੀ।

