ਕੈਬਨਿਟ ਮੀਟਿੰਗ: ਹਸਪਤਾਲ ’ਚੋਂ ਵਰਚੁਅਲੀ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਅੱਜ ਫੋਰਟਿਸ ਹਸਪਤਾਲ ਦੇ ਕਮਰੇ ’ਚੋਂ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਵਰਚੁਅਲੀ ਸ਼ਾਮਲ ਹੋਏ। ਮੁੱਖ ਮੰਤਰੀ ਨੂੰ ਤੇਜ਼ ਬੁਖਾਰ ਕਰਕੇ 5 ਸਤੰਬਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਮੁਹਾਲੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਕੈਬਨਿਟ ਮੀਟਿੰਗ ’ਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਸ਼ੇਸ਼ ਤਿਆਰੀ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਹਸਪਤਾਲ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡੀਆਈਜੀ ਰੂਪਨਗਰ ਰੇਂਜ ਹਰਚਰਨ ਸਿੰਘ ਭੁੱਲਰ ਵੀ ਹਸਪਤਾਲ ਵਿੱਚ ਆ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਗਏ ਸਨ। ਪੁਲੀਸ ਤੇ ਪ੍ਰਸ਼ਾਸਨ ਦੀਆਂ ਇਨ੍ਹਾਂ ਤਿਆਰੀਆਂ ਨਾਲ ਇਹ ਤਾਂ ਯਕੀਨੀ ਹੋ ਗਿਆ ਹੈ ਕਿ ਮੁੱਖ ਮੰਤਰੀ ਨੂੰ ਅਜੇ ਕੁਝ ਹੋਰ ਸਮਾਂ ਹਸਪਤਾਲ ਵਿੱਚ ਰਹਿਣਾ ਪਏਗਾ।
ਇਸ ਦੌਰਾਨ ਰਾਜ ਸਭਾ ਮੈਂਬਰ ਤੇ ‘ਆਪ’ ਆਗੂ ਸੰਜੈ ਸਿੰਘ ਵੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦਾ ਹਾਲਚਾਲ ਜਾਣਨ ਲਈ ਫੋਰਟਿਸ ਹਸਪਤਾਲ ਪਹੁੰਚੇ। ਮੁਲਾਕਾਤ ਉਪਰੰਤ ਸੰਜੈ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਜਲਦੀ ਹੀ ਹਸਪਤਾਲ ’ਚੋਂ ਛੁੱਟੀ ਮਿਲਣ ਮਗਰੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜਾਣਗੇ।