ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਕਲੀਨਿਕਾਂ ਲਈ ਵਟਸਐਪ ਚੈਟਬੋਟ ਦਾ ਉਦਘਾਟਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਮ ਆਦਮੀ ਕਲੀਨਿਕਾਂ ਲਈ ਵਟਸਐਪ ਚੈਟਬੋਟ ਦਾ ਉਦਘਾਟਨ ਕੀਤਾ। ਹੁਣ ਚੈਟ ਬੋਟ ਜ਼ਰੀਏ ਲੋਕਾਂ ਨੂੰ ਘਰ ਬੈਠੇ ਮੋਬਾਈਲ ਉੱਤੇ ਆਪਣੀਆਂ ਰਿਪੋਰਟਾਂ ਦੀ ਜਾਣਕਾਰੀ, ਦਵਾਈ ਦੀ ਪਰਚੀ ਅਤੇ ਮੁੜ ਤੋਂ ਦਿਖਾਉਣ ਦੀ ਤਾਰੀਖ ਦਾ ਪਤਾ ਚੱਲ ਸਕੇਗਾ। ਇਸ ਦੇ ਨਾਲ ਹੀ ਸਮੇਂ ਸਮੇਂ ’ਤੇ ਲੋਕਾਂ ਨੂੰ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਪਰਹੇਜ਼ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।
ਇਸ ਚੈਟਬੋਟ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੈਕਟਰ 18 ਸਥਿਤ ਟੈਗੋਰ ਥੀਏਟਰ ਵਿੱਚ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਲਦ ਹੀ 200 ਹੋਰ ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਹ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 1081 ਹੋ ਜਾਵੇਗੀ।
ਮੁੱਖ ਮੰਤਰੀ ਨੇ ਸਰਹੱਦੀ ਖੇਤਰ ਦੇ ਸਿਹਤ ਢਾਂਚੇ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਵਿੱਚ ਪਾਣੀ ਬਹੁਤ ਖਰਾਬ ਹੈ, ਜਿਸ ਵਿੱਚ ਯੂਰੇਨੀਅਮ ਅਤੇ ਹੋਰ ਖਤਰਨਾਕ ਤੱਤ ਪਾਏ ਜਾ ਰਹੇ ਹਨ। ਇਸੇ ਕਰਕੇ ਕਈ ਪਿੰਡਾਂ ਵਿੱਚ ਛੋਟੀ ਉਮਰੇ ਬੱਚਿਆਂ ਦੇ ਵਾਲ ਸਫੇਦ ਹੋ ਰਹੇ ਹਨ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਥਿਤੀ ਉੱਤੇ ਆਲਮੀ ਸਿਹਤ ਸੰਗਠਨ ਨੂੰ ਧਿਆਨ ਦੇਣਾ ਚਾਹੀਦਾ ਹੈ।