ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਘੱਗਰ ’ਤੇ ਨਿਗ੍ਹਾ ਰੱਖਣ ਦੇ ਹੁਕਮ
ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੇ ਪ੍ਰਬੰਧਾਂ ਦੀ ਸਮੀਖਿਆ ਲਈ ਅੱਜ ਉੱਚ ਪੱਧਰੀ ਮੀਟਿੰਗ ਕੀਤੀ ਜਿਸ ’ਚ ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੀਟਿੰਗ ’ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵੀਜੋਤ ਸਿੰਘ ਹਾਜ਼ਰ ਰਹੇ, ਜਦੋਂ ਕਿ ਡਿਪਟੀ ਕਮਿਸ਼ਨਰਾਂ ਨੇ ਵੀਡੀਓ ਕਾਨਫਰੰਸ ਜ਼ਰੀਏ ਹਿੱਸਾ ਲਿਆ।
ਮੀਟਿੰਗ ’ਚ ਮੁੱਖ ਸਕੱਤਰ ਤੋਂ ਇਲਾਵਾ ਭਾਰਤੀ ਫ਼ੌਜ ਦੇ ਪ੍ਰਤੀਨਿਧ, ਐੱਨਡੀਆਰਐੱਫ ਅਤੇ ਹੋਮਗਾਰਡਜ਼ ਦੇ ਡੀਜੀਪੀ ਨੇ ਸ਼ਮੂਲੀਅਤ ਕੀਤੀ। ਮੁੱਖ ਮੰਤਰੀ ਨੇ 30 ਅਤੇ 31 ਅਗਸਤ ਦੀ ਸੰਭਾਵੀ ਮੀਂਹ ਕਾਰਨ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ।
ਮੀਟਿੰਗ ’ਚ ਅਧਿਕਾਰੀਆਂ ਨੇ ਰਾਵੀ ਬਿਆਸ ’ਚ ਪਾਣੀ ਦੇ ਵਧੇ ਪੱਧਰ ਅਤੇ ਡੈਮਾਂ ਵਿੱਚ ਪਹਾੜਾਂ ’ਚੋਂ ਆ ਰਹੇ ਅਣਕਿਆਸੇ ਪਾਣੀ ਦੇ ਕਾਰਨਾਂ ਤੋਂ ਜਾਣੂ ਕਰਾਇਆ।
ਮੁੱਖ ਮੰਤਰੀ ਨੇ ਅੱਜ ਘੱਗਰ ’ਚ ਇਕਦਮ ਆਏ ਪਾਣੀ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਗਰ ਨਦੀ ਦੇ ਵਹਾਅ ’ਤੇ ਨਿਗ੍ਹਾ ਰੱਖੀ ਜਾਵੇ ਕਿਉਂਕਿ ਘੱਗਰ ’ਚ ਆਉਣ ਵਾਲੇ ਪਾਣੀ ਨੂੰ ਰੋਕਣ ਦਾ ਕੋਈ ਉਪਾਅ ਨਹੀਂ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ ਹੜ੍ਹਾਂ ਦੀ ਮਾਰ ਵੱਧ ਰਹੀ ਮਾਰ ਨੂੰ ਦੇਖਦਿਆਂ ਸੀਨੀਅਰ ਅਫ਼ਸਰਾਂ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਉੱਚ ਪੱਧਰੀ ਕਮੇਟੀ ਬਣਾਉਣ ਲਈ ਕਿਹਾ ਜੋ ਸਮੂਹ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਕਰੇਗੀ।