DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿਲਜੀਤ ਦੋਸਾਂਝ ਦੇ ਹੱਕ ’ਚ ਨਿੱਤਰੇ ਮੁੱਖ ਮੰਤਰੀ ਭਗਵੰਤ ਮਾਨ

Punjab CM backs Diljit Dosanjh, says self-proclaimed nationalists targeting Punjabis
  • fb
  • twitter
  • whatsapp
  • whatsapp
Advertisement
ਪੰਜਾਬੀਆਂ ਨੂੰ ਅਖੌਤੀ ਰਾਸ਼ਟਰਵਾਦੀਆਂ ਵੱਲੋਂ ਬੇਵਜ੍ਹਾ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ

ਚੰਡੀਗੜ੍ਹ, 8 ਜੁਲਾਈ

ਮੁੱਖ ਮੰਤਰੀ ਭਗਵੰਤ ਮਾਨ ਫ਼ਿਲਮ ‘ਸਰਦਾਰ ਜੀ 3’ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਨੂੰ ਲੈ ਕੇ ਆਲੋਚਕਾਂ ਦੇ ਨਿਸ਼ਾਨੇ ’ਤੇ ਆਏ ਗਾਇਕ ਅਦਾਕਾਰ ਦਿਲਜੀਤ ਦੋਸਾਂਝ ਦੀ ਪਿੱਠ ’ਤੇ ਆ ਗਏ ਹਨ। ਮਾਨ ਨੇ ਕਿਹਾ ਕਿ ਦੋਸਾਂਝ ਨੂੰ ‘ਗੱਦਾਰ’ ਕਿਹਾ ਗਿਆ, ਪਰ ਫ਼ਿਲਮ ‘ਸਰਦਾਰ ਜੀ 3’ 22 ਅਪਰੈਲ ਨੂੰ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਅਖੌਤੀ ਰਾਸ਼ਟਰਵਾਦੀ ਪੰਜਾਬੀਆਂ ਨੂੰ ਬੇਵਜ੍ਹਾ ਨਿਸ਼ਾਨਾ ਬਣਾ ਰਹੇ ਹਨ।

Advertisement

ਮਾਨ ਨੇ ਇਥੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਦਿਲਜੀਤ ਦੋਸਾਂਝ ਦੀ ਫਿਲਮ ਵਿੱਚ ਇੱਕ ਪਾਕਿਸਤਾਨੀ ਅਦਾਕਾਰਾ ਨੇ ਕੰਮ ਕੀਤਾ ਸੀ। ਇਹ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ। ਪਾਕਿਸਤਾਨੀ ਅਦਾਕਾਰਾ ਨੇ ਇਸ ਵਿੱਚ ਕੰਮ ਕੀਤਾ ਕਿਉਂਕਿ ਸਾਡਾ ਸੱਭਿਆਚਾਰ ਇੱਕੋ ਜਿਹਾ ਹੈ। ਉਹ ਪੰਜਾਬੀ ਬੋਲਦੇ ਹਨ ਅਤੇ ਅਸੀਂ ਵੀ ਬੋਲਦੇ ਹਾਂ।’’

ਮਾਨ ਨੇ ਪੁੱਛਿਆ, ‘‘ਦਿਲਜੀਤ ਨੂੰ 'ਗੱਦਾਰ' ਕਿਹਾ ਜਾਂਦਾ ਸੀ। ਅਤੇ ਹੁਣ ਇੱਕ ਪਾਕਿਸਤਾਨੀ ਟੀਮ ਇੱਥੇ ਖੇਡਣ ਆਵੇਗੀ, ਅਤੇ ਫਿਰ ਸਭ ਕੁਝ ਠੀਕ ਹੋ ਜਾਵੇਗਾ?’’ ਸਰਕਾਰ ਨੇ ਪਿਛਲੇ ਹਫ਼ਤੇ 27 ਅਗਸਤ ਤੋਂ 7 ਸਤੰਬਰ ਤੱਕ ਬਿਹਾਰ ਦੇ ਰਾਜਗੀਰ ਵਿੱਚ ਹੋਣ ਵਾਲੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿਚ ਪਾਕਿਸਤਾਨੀ ਟੀਮ ਦੀ ਸ਼ਮੂਲੀਅਤ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨਾਲ ਈਰਖਾ ਕਰਨ ਵਾਲੇ ਅਖੌਤੀ ਰਾਸ਼ਟਰਵਾਦੀਆਂ ਵੱਲੋਂ ਪੰਜਾਬੀਆਂ ਨੂੰ ਬੇਲੋੜਾ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਫਿਲਮ ’ਤੇ ਬੇਲੋੜੀ ਪਾਬੰਦੀ ਲਗਾਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਦੋਸਾਂਝ ਦੀ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਨੂੰ ਕਾਸਟ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ।

ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਅਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਵਰਗੀਆਂ ਟਰੇਡ ਯੂਨੀਅਨਾਂ ਨੇ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਆਮਿਰ ਨਾਲ ਸਹਿਯੋਗ ਕਰਨ ਲਈ ਦੋਸਾਂਝ ਦੀ ਆਲੋਚਨਾ ਕੀਤੀ ਹੈ। FWICE ਨੇ ਮੰਗ ਕੀਤੀ ਹੈ ਕਿ ਦੋਸਾਂਝ ਦੀ ਨਾਗਰਿਕਤਾ ਰੱਦ ਕੀਤੀ ਜਾਵੇ। ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਪੰਜਾਬੀ ਅਦਾਕਾਰ-ਸੰਗੀਤਕਾਰ ’ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ।

ਉਧਰ ਵੱਖ-ਵੱਖ ਪਾਰਟੀਆਂ ਦੇ ਕਈ ਸਿੱਖ ਨੇਤਾ ਦੋਸਾਂਝ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ ਅਤੇ ਉਸ ਦੀ ਨਾਗਰਿਕਤਾ ਰੱਦ ਕਰਨ ਦੀਆਂ ਮੰਗਾਂ ਨੂੰ ਗੈਰਵਾਜਬ ਕਰਾਰ ਦਿੱਤਾ ਹੈ।

ਦੋਸਾਂਝ ਨੇ ਵਿਵਾਦ ਦਰਮਿਆਨ ਹਾਲ ਹੀ ਵਿੱਚ ‘ਸਰਦਾਰ ਜੀ 3’ ਨੂੰ ਵਿਦੇਸ਼ ਵਿੱਚ ਰਿਲੀਜ਼ ਕਰਨ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ ਸੀ। ਦੋਸਾਂਝ ਨੇ ਕਿਹਾ ਸੀ, ‘‘ਫਿਲਮ ਦੇ ਨਿਰਮਾਤਾ ਪਹਿਲਾਂ ਹੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਪਾਕਿਸਤਾਨੀ ਕਲਾਕਾਰਾਂ ’ਤੇ ਪਾਬੰਦੀ ਕਾਰਨ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ, ਅਤੇ ਅਜਿਹੀ ਸਥਿਤੀ ਵਿੱਚ, ਇਸ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਕਰਨਾ ਜਾਇਜ਼ ਹੈ।’’ ਅਦਾਕਾਰ ਨੇ ਕਿਹਾ ਸੀ, ‘‘ਜਦੋਂ ਇਹ ਫਿਲਮ ਬਣਾਈ ਗਈ ਸੀ, ਤਾਂ ਸਥਿਤੀ ਠੀਕ ਸੀ। ਅਸੀਂ ਇਸ ਨੂੰ ਫਰਵਰੀ ਵਿੱਚ ਸ਼ੂਟ ਕੀਤਾ ਸੀ ਅਤੇ ਉਸ ਸਮੇਂ ਸਭ ਕੁਝ ਠੀਕ ਚੱਲ ਰਿਹਾ ਸੀ। ਦੇਖੋ, ਬਹੁਤ ਸਾਰੀਆਂ ਚੀਜ਼ਾਂ ਹਨ, ਵੱਡੀਆਂ ਚੀਜ਼ਾਂ, ਜੋ ਸਾਡੇ ਕੰਟਰੋਲ ਵਿੱਚ ਨਹੀਂ ਹਨ। ਇਸ ਲਈ ਨਿਰਮਾਤਾਵਾਂ ਨੇ ਫੈਸਲਾ ਕੀਤਾ ਕਿ ਹੁਣ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ, ਇਸ ਲਈ ਇਸ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਕਰੀਏ।’’ -ਪੀਟੀਆਈ

Advertisement
×