ਪੀਜੀਆਈ ਵਿੱਚ ਕੈਮਿਸਟਾਂ ਵੱਲੋਂ ਡਿਸਕਾਊਂਟ ਦੇਣ ਦੇ ਨਾਂ ’ਤੇ ਮਰੀਜ਼ਾਂ ਦੀ ‘ਲੁੱਟ’
ਪੀਜੀਆਈ ਚੰਡੀਗੜ੍ਹ ਦੇ ਅੰਦਰ ਅਤੇ ਐਮਰਜੈਂਸੀ ਖੇਤਰ ਵਿੱਚ ਚੱਲ ਰਹੇ ਮੈਡੀਕਲ ਸਟੋਰਾਂ/ਕੈਮਿਸਟ ਦੁਕਾਨਾਂ ਉਤੇ ਐੱਮਆਰਪੀ ਤੋਂ 50 ਫ਼ੀਸਦ ਵੱਧ ਕੀਮਤਾਂ ’ਤੇ ਦਵਾਈਆਂ ਵੇਚਣ ਦਾ ਮਾਮਲਾ ਚਰਚਾ ਵਿੱਚ ਹੈ ਜਿਸ ਨੂੰ ਮਰੀਜ਼ਾਂ ਦੀ ਵੱਡੀ ਲੁੱਟ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਕੈਮਿਸਟਾਂ ਵੱਲੋਂ ਆਪਣੀਆਂ ਦਵਾਈਆਂ/ ਸਰਜੀਕਲ ਆਈਟਮਾਂ ਉਤੇ ਦਵਾਈ ਕੰਪਨੀਆਂ ਕੋਲ਼ੋਂ ਮਨਮਰਜ਼ੀ ਦੀਆਂ ਕੀਮਤਾਂ ਛਾਪੀਆਂ ਜਾ ਰਹੀਆਂ ਹਨ। ਪੀਜੀਆਈ ਮੈਡੀਕਲ ਟੈਕਨੋਲੋਜਿਸਟਸ ਐਸੋਸੀਏਸ਼ਨ ਵੱਲੋਂ ਇਸ ਕਥਿਤ ਲੁੱਟ ਦੀ ਸੈਂਟਰਲ ਵਿਜੀਲੈਂਸ ਕਮਿਸ਼ਨਰ ਨਵੀਂ ਦਿੱਲੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਸੈਂਟਰਲ ਵਿਜੀਲੈਂਸ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ਵਨੀ ਮੁੰਜਾਲ ਨੇ ਦੱਸਿਆ ਕਿ ਪੀਜੀਆਈ ਦੇ ਅੰਦਰ ਕੈਮਿਸਟਾਂ ਵੱਲੋਂ ਦਵਾਈਆਂ ਦੀ ਕੀਮਤਾਂ ਵਿੱਚ 15 ਤੋਂ 30 ਫ਼ੀਸਦ ਛੋਟ ਦੇ ਕੇ ਸ਼ਰੇਆਮ ਮਰੀਜ਼ਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ। ਮੈਡੀਕਲ ਟੈਕਨਾਲੋਜਿਸਟਸ ਐਸੋਸੀਏਸ਼ਨ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਦੋ ਵੱਖ-ਵੱਖ ਮੈਡੀਕਲ ਸਟੋਰਾਂ ਵਿੱਚ ਇੱਕੋ ਕੰਪਨੀ ਦੀ ਇੱਕ ਹੀ ਦਵਾਈ ਦੀਆਂ ਵੱਖ-ਵੱਖ ਕੀਮਤਾਂ ਲਿਖੀਆਂ ਹੋਈਆਂ ਹਨ। ਇੱਕ ਕੈਮਿਸਟ ਤੋਂ ਲਈ ਦਵਾਈ ’ਤੇ ਐੱਮਆਰਪੀ 300 ਰੁਪਏ ਅਤੇ ਦੂਸਰੇ ਕੈਮਿਸਟ ਤੋਂ ਖ਼ਰੀਦੀ ਦਵਾਈ ਦੀ ਐੱਮਆਰਪੀ 450 ਰੁਪਏ ਛਾਪੀ ਹੋਈ ਹੈ। ਮੁੰਜਾਲ ਨੇ ਦੋਸ਼ ਲਗਾਇਆ ਕਿ ਕੈਮਿਸਟਾਂ ਅਤੇ ਪੀਜੀਆਈ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਮਰੀਜ਼ਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਜੀਆਈ ਕੈਂਪਸ ਵਿੱਚ ਕੈਮਿਸਟ ਦੁਕਾਨਾਂ ਨੂੰ 30 ਤੋਂ 70 ਲੱਖ ਰੁਪਏ ਦੇ ਮਹੀਨਾਵਾਰ ਕਿਰਾਏ ’ਤੇ ਦਿੱਤਾ ਜਾਂਦਾ ਹੈ, ਜਿਸ ਕਰਕੇ ਦੁਕਾਨਦਾਰ ਇੰਨਾ ਜ਼ਿਆਦਾ ਪੈਸਾ ਕੱਢਣ ਲਈ ਐੱਮਆਰਪੀ ਵਿੱਚ ਕਥਿਤ ਹੇਰਾਫੇਰੀਆਂ ਕਰਕੇ ਮਰੀਜ਼ਾਂ ਦੀ ਲੁੱਟ ਕਰ ਰਹੇ ਹਨ।
ਉਨ੍ਹਾਂ ਇਸ ਕਥਿਤ ਲੁੱਟ ਦੀ ਸੀਬੀਆਈ ਜਾਂਚ ਮੰਗੀ ਦੂਜੇ ਪਾਸੇ ਪਤਾ ਲੱਗਾ ਹੈ ਕਿ ਪੀਜੀਆਈ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਇਹ ਮਾਮਲਾ ਆ ਚੁੱਕਾ ਹੈ ਜਿਸ ਉਪਰੰਤ ਅਜਿਹੇ ਕੈਮਿਸਟਾਂ ਨੂੰ ਨੋਟਿਸ ਭੇਜਣ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
ਪੀਜੀਆਈ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੈਮਿਸਟਾਂ ਵੱਲੋਂ ਜਵਾਬ ਤਸੱਲੀਬਖ਼ਸ਼ ਨਾ ਮਿਲਿਆ ਤਾਂ ਫਿਰ ਇੱਕ ਜਾਂਚ ਕਮੇਟੀ ਬਣਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।