DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹਿਰ ’ਚ ਜ਼ਿੰਦਗੀ ਲੀਹ ’ਤੇ ਲਿਆਉਣ ਲਈ ਚਾਰਾਜੋਈ

ਗ੍ਰਹਿ ਸਕੱਤਰ ਵੱਲੋਂ ਮੁਰੰਮਤ ਕਾਰਜਾਂ ਦਾ ਨਿਰੀਖਣ; ਇੰਜਨੀਅਰਿੰਗ ਵਿਭਾਗ ਨੂੰ ਕੰਮ ’ਚ ਤੇਜ਼ੀ ਦੀ ਹਦਾਇਤ
  • fb
  • twitter
  • whatsapp
  • whatsapp
featured-img featured-img
ਚੰਡੀਗਡ਼੍ਹ ਦੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਮੁਰੰਮਤ ਦੇ ਚੱਲ ਰਹੇ ਕੰਮ ਦਾ ਨਿਰੀਖਣ ਕਰਦੇ ਹੋੲੇ।
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 18 ਜੁਲਾਈ

Advertisement

ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਰਕੇ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਦਾ ਨੁਕਸਾਨ ਹੋ ਗਿਆ ਹੈ, ਜਿਸ ਕਰਕੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਇਸ ਨੂੰ ਲੀਹ ’ਤੇ ਲਿਆਉਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਪਰ ਹਾਲੇ ਵੀ ਸ਼ਹਿਰ ਦੀਆਂ ਕੁਝ ਸੜਕਾਂ ਚਾਲੂ ਨਹੀਂ ਹੋ ਸਕੀਆਂ ਹਨ। ਅਜਿਹੇ ਹਾਲਾਤ ਵਿੱਚ ਯੂਟੇ ਦੇ ਗ੍ਰਹਿ ਸਕੱਤਰ ਤੇ ਸਕੱਤਰ ਸਥਾਨਕ ਸਰਕਾਰਾਂ ਨਿਤਿਨ ਕੁਮਾਰ ਯਾਦਵ ਨੇ ਸ਼ਹਿਰ ਵਿੱਚ ਚੱਲ ਰਹੇ ਮੁਰੰਮਤ ਦੇ ਕੰਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਯੂਟੀ ਦੇ ਚੀਫ਼ ਇੰਜਨੀਅਰ ਸੀਬੀ ਓਝਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਨਾਲ ਮੌਜੂਦ ਰਹੇ। ਗ੍ਰਹਿ ਸਕੱਤਰ ਨੇ ਇੰਜਨੀਅਰਿੰਗ ਵਿਭਾਗ ਨੂੰ ਸੜਕਾਂ ਦੀ ਮੁਰੰਮਤ ਦਾ ਕੰਮ ਜਲਦ ਮੁਕੰਮਲ ਕਰਨ ਦੀ ਹਦਾਇਤ ਕੀਤੀ।

ਯੂਟੀ ਦੇ ਚੀਫ਼ ਇੰਜਨੀਅਰ ਸੀ.ਬੀ. ਓਝਾ ਨੇ ਕਿਹਾ ਕਿ ਸ਼ਹਿਰ ਵਿੱਚ 72 ਘੰਟਿਆਂ ਦੌਰਾਨ ਪਏ 572 ਐੱਮਐੱਮ ਮੀਂਹ ਕਰਕੇ ਸ਼ਹਿਰ ਦੀਆਂ ਸੜਕਾਂ ਦਾ ਕਈ ਥਾਵਾਂ ਤੋਂ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਸੁਖਨਾ ਝੀਲ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪਣ ਕਰਕੇ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਕਈ ਪੁਲਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੀਂਹ ਕਰਕੇ ਅਤੇ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਖੁੱਲ੍ਹਣ ਕਰਕੇ ਸ਼ਹਿਰ ਵਿੱਚ 115 ਥਾਵਾਂ ਤੋਂ ਸੜਕਾਂ ਦਾ ਨੁਕਸਾਨੀਆਂ ਗਈਆਂ ਅਤੇ ਯੂਟੀ ਪ੍ਰਸ਼ਾਸਨ ਵੱਲੋਂ ਲਗਾਤਾਰ ਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ।

ਚੀਫ਼ ਇੰਜਨੀਅਰ ਨੇ ਕਿਹਾ ਕਿ ਸੈਕਟਰ-14/15 ਵਾਲੀ ਸੜਕ 8 ਜੁਲਾਈ ਤੋਂ ਬੰਦ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ ਅਤੇ ਉਸ ਸੜਕ ’ਤੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇੰਡਸਟਰੀਅਲ ਏਰੀਆ ਵਿੱਚ ਸੀਟੀਯੂ ਵਰਕਸ਼ਾਪ ਦੇ ਨੇੜੇ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ਵੀ ਟੁੱਟੀ ਪਈ ਹੈ ਤੇ ਉਥੋਂ ਵੀ ਆਵਾਜਾਈ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੜਕਾਂ ਨੂੰ ਇਕ ਮਹੀਨੇ ’ਚ ਮੁਰੰਮਤ ਕਰਨ ਉਪਰੰਤ ਖੋਲ੍ਹਿਆ ਜਾਵੇਗਾ।

ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਨੇ ਮੁੱਖ ਇੰਜਨੀਅਰ ਨੂੰ ਹਦਾਇਤ ਕੀਤੀ ਕਿ ਉਹ ਡਰੇਨਾਂ ਦੀ ਨਿਕਾਸੀ ਲਈ ਲੰਬੀ ਮਿਆਦ ਦੀਆਂ ਯੋਜਨਾਵਾਂ ਤਿਆਰ ਕਰਨ ਤਾਂ ਜੋ ਭਾਰੀ ਮੀਂਹ ਤੇ ਤੂਫਾਨ ਕਰਕੇ ਵੀ ਸੜਕਾਂ ਨੂੰ ਪਾਣੀ ਵਿੱਚ ਡੁੱਬਣ ਤੋਂ ਰੋਕਿਆ ਜਾ ਸਕੇ, ਜਿਸ ਨਾਲ ਅਕਸਰ ਸ਼ਹਿਰ ਵਿੱਚ ਅਸਥਾਈ ਹੜ੍ਹ ਆ ਜਾਂਦੇ ਹਨ। ਉਨ੍ਹਾਂ ਬਰਸਾਤੀ ਪਾਣੀ ਦੇ ਨਿਰਵਿਘਨ ਲੰਘਣ ਦੀ ਸਹੂਲਤ ਲਈ ਗਾਰ ਤੇ ਮਲਬੇ ਦੇ ਨਾਲਿਆਂ ਨੂੰ ਸਾਫ਼ ਕਰਨ ’ਤੇ ਜ਼ੋਰ ਦਿੱਤਾ। ਸ੍ਰੀ ਯਾਦਵ ਨੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਅਧਿਕਾਰੀਆਂ ਨੂੰ ਬਿਨਾਂ ਦੇਰੀ ਕੀਤੇ ਸਾਰੇ ਬਹਾਲੀ ਦੇ ਕੰਮਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ।

ਕਲੌਲੀ ਨੇੜੇ ਪਏ ਪਾੜ ਦੀ ਪ੍ਰਸ਼ਾਸਨ ਨੇ ਨਾ ਲਈ ਸਾਰ

ਚੰਡੀਗੜ੍ਹ ਚੋਅ ਵਿੱਚ ਪਿਆ ਪਾੜ ਦਿਖਾਉਂਦੇ ਹੋਏ ਕਲੌਲੀ ਵਾਸੀ।
ਚੰਡੀਗੜ੍ਹ ਚੋਅ ਵਿੱਚ ਪਿਆ ਪਾੜ ਦਿਖਾਉਂਦੇ ਹੋਏ ਕਲੌਲੀ ਵਾਸੀ।

ਬਨੂੜ (ਕਰਮਜੀਤ ਸਿੰਘ ਚਿੱਲਾ): ਚੰਡੀਗੜ੍ਹ ਅਤੇ ਮੁਹਾਲੀ ਦੇ ਬਰਸਾਤੀ ਅਤੇ ਸੀਵਰੇਜ ਦੇ ਪਾਣੀ ਦੇ ਚੋਅ ਦੇ ਬੰਨ੍ਹ ਵਿੱਚ ਬਨੂੜ ਨੇੜਲੇ ਪਿੰਡ ਕਲੌਲੀ ਨੇੜੇ ਭਾਰੀ ਮੀਂਹ ਦੌਰਾਨ ਪਏ ਪਾੜ ਦੀ ਦਸ ਦਿਨ ਲੰਘਣ ਮਗਰੋਂ ਵੀ ਪ੍ਰਸ਼ਾਸਨ ਨੇ ਸਾਰ ਨਹੀਂ ਲਈ। ਚੋਏ ਦਾ ਬੰਨ੍ਹ ਟੁੱਟਣ ਕਾਰਨ ਜਿੱਥੇ ਪਿੰਡ ਕਲੌਲੀ ਦੇ ਦਰਜਨਾਂ ਕਿਸਾਨਾਂ ਦੀ ਫ਼ਸਲ ਨੁਕਸਾਨੀ ਗਈ ਤੇ ਜ਼ਮੀਨ ਵਿੱਚ ਪਾੜ ਪੈ ਗਏ, ਉੱਥੇ ਕਲੌਲੀ ਪਿੰਡ ਦੇ ਦਰਜਨਾਂ ਘਰਾਂ ਵਿੱਚ ਪਾਣੀ ਭਰਨ ਨਾਲ ਗਰੀਬ ਪਰਿਵਾਰਾਂ ਦਾ ਸਾਮਾਨ ਨੁਕਸਾਨਿਆ ਗਿਆ ਸੀ। ਪਿੰਡ ਦੇ ਕਿਸਾਨਾਂ ਕੁਲਦੀਪ ਸਿੰਘ, ਸਾਹਬਿ ਸਿੰਘ, ਭਜਨ ਸਿੰਘ, ਬਲਵੰਤ ਸਿੰਘ, ਪ੍ਰਕਾਸ਼ ਰਾਮ, ਲਾਭ ਸਿੰਘ, ਧਰਮਪਾਲ, ਸਰਬਜੀਤ ਸਿੰਘ, ਮੰਗਾ ਸਿੰਘ, ਕਰਮਜੀਤ ਸਿੰਘ, ਹਰਦਿਆਲ ਸਿੰਘ, ਰੁਲਦਾ ਰਾਮ ਆਦਿ ਨੇ ਦੱਸਿਆ ਕਿ ਚੋਅ ਦੇ ਪਾਣੀ ਨਾਲ ਉਨ੍ਹਾਂ ਦੇ ਖੇਤਾਂ ਦੀ ਮਿੱਟੀ ਹੜ੍ਹ ਗਈ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਲਗਾਇਆ ਝੋਨਾ, ਮੱਕੀ, ਮਿਰਚਾਂ ਆਦਿ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਕਲੌਲੀ ਦੇ ਦਰਜਨਾਂ ਘਰਾਂ ਦਾ ਘਰੇਲੂ ਸਾਮਾਨ ਪਾਣੀ ਨੇ ਖਰਾਬ ਕਰ ਦਿੱਤਾ ਹੈ। ਇਸ ਸਬੰਧੀ ਪ੍ਰਸ਼ਾਸ਼ਨ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਹਾਲੇ ਤੱਕ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਟੁੱਟੇ ਹੋਏ ਬੰਨ੍ਹ ਦਾ ਮੌਕਾ ਵੇਖਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਚੋਏ ਵਿੱਚ ਵੱਡੀ ਮਾਤਰਾ ਵਿੱਚ ਸ਼ਹਿਰਾਂ ਦਾ ਬਰਸਾਤੀ ਪਾਣੀ ਆਉਂਦਾ ਹੈ ਅਤੇ ਦੁਬਾਰਾ ਮੀਂਹ ਪੈਣ ਦੀ ਸੂਰਤ ਵਿੱਚ ਫਿਰ ਟੁੱਟੇ ਹੋਏ ਬੰਨ੍ਹ ਵਿੱਚ ਪਾਣੀ ਫੇਰ ਦੁਬਾਰਾ ਨੁਕਸਾਨ ਕਰ ਸਕਦਾ ਹੈ। ਉਨ੍ਹਾਂ ਮੁਹਾਲੀ ਦੀ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਟੁੱਟੇ ਹੋਏ ਬੰਨ੍ਹ ਦੀ ਉਸਾਰੀ ਕਰਾਈ ਜਾਵੇ ਅਤੇ ਕਿਸਾਨਾਂ ਅਤੇ ਪਰਿਵਾਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

ਟਾਂਗਰੀ ਨੇੜੇ ਪੁਲ ਟੁੱਟਿਆ, ਬਦਲਵੇਂ ਰਸਤੇ ਦੀ ਮੰਗ

ਪੰਚਕੂਲਾ (ਪੱਤਰ ਪ੍ਰੇਰਕ): ਬਰਵਾਲਾ ਬਲਾਕ ਦੇ ਪਿੰਡ ਟੋਡਾ ਤੋਂ ਬਰਵਾਲਾ ਨੂੰ ਜੋੜਨ ਵਾਲੀ ਸੜਕ ’ਤੇ ਟਾਂਗਰੀ ਨਦੀ ਦੇ ਪੁਲ ਨੇੜੇ ਪਾਣੀ ਦੀ ਨਿਕਾਸੀ ਲਈ ਬਣਾਈ ਪੁੱਲੀ ਟੁੱਟ ਗਈ ਹੈ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਅਮਨਦੀਪ, ਰਾਮਕੁਮਾਰ, ਬਲਜੀਤ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ ਆਦਿ ਨੇ ਦੱਸਿਆ ਕਿ ਪੁਲੀ ਟੁੱਟਣ ਕਾਰਨ ਪਿੰਡ ਵਾਸੀਆਂ ਦਾ ਬਰਵਾਲਾ, ਪੰਚਕੂਲਾ ਅਤੇ ਖੇਤਾਂ ਵੱਲ ਆਉਣਾ-ਜਾਣਾ ਬੰਦ ਹੋ ਗਿਆ ਹੈ। ਉਨ੍ਹਾਂ ਨੂੰ ਹੁਣ 20 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਪਣੀ ਮੰਜ਼ਿਲ ‘ਤੇ ਪਹੁੰਚਣਾ ਪੈਂਦਾ ਹੈ। ਦੂਜੇ ਪਾਸੇ ਪਿੰਡ ਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਪੁਲੀ ਟੁੱਟਣ ਕਾਰਨ ਉਨ੍ਹਾਂ ਨੂੰ ਮੌਲੀ ਜਾਂ ਫਤਿਹਗੜ੍ਹ ਪਿੰਡ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਬਦਲਵੇਂ ਰਸਤੇ ਦੀ ਮੰਗ ਕੀਤੀ ਹੈ।

Advertisement
×