ਕੁਲਦੀਪ ਸਿੰਘ
ਚੰਡੀਗੜ੍ਹ, 22 ਫਰਵਰੀ
ਇੱਥੇ ਰੋਜ਼ ਗਾਰਡਨ ਸੈਕਟਰ-16 ਵਿੱਚ ਰੋਜ਼ ਫੈਸਟੀਵਲ ਦੇ ਦੂਜੇ ਦਿਨ ਜਿੱਥੇ ਪੂਰਾ ਦਿਨ ਦਰਸ਼ਕਾਂ ਨੇ ਗੁਲਾਬ ਅਤੇ ਹੋਰ ਫੁੱਲਾਂ ਦੀ ਮਹਿਕ ਦਾ ਆਨੰਦ ਲਿਆ, ਉਥੇ ਹੀ ਸੱਭਿਆਚਾਰਕ ਸਮਾਗਮਾਂ ਵਿੱਚ ਅੱਜ ਪੰਜਾਬੀ ਗਾਇਕ ਬਲਬੀਰ ਸੂਫੀ ਵੱਲੋਂ ਸੂਫੀਆਨਾ ਰੰਗ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਬੌਲੀਵੁੱਡ ਗਾਇਕਾ ਮੋਨਾਲੀ ਠਾਕੁਰ ਅਤੇ ਲੋਪੋਕੇ ਬ੍ਰਦਰਜ਼ ਨੇ ਵੀ ਆਪਣੇ ਗੀਤਾਂ ਰਾਹੀਂ ਦਰਸ਼ਕ ਝੂਮਣ ਲਾ ਦਿੱਤੇ।
ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਗਾਇਕਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈਏਐੱਸ ਅਤੇ ਨਿਗਮ ਦੇ ਡਿਪਟੀ ਮੇਅਰ ਤਰੁਣਾ ਮਹਿਤਾ ਨੇ ਇਨ੍ਹਾਂ ਸੱਭਿਆਚਾਰਕ ਸਮਾਗਮਾਂ ਵਿੱਚ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਫੈਸਟੀਵਲ ਵਿੱਚ ਰੋਜ਼ ਪ੍ਰਿੰਸ, ਰੋਜ਼ ਪ੍ਰਿੰਸੈੱਸ ਅਤੇ ਫਿਰ ਫੋਟੋਗ੍ਰਾਫੀ ਮੁਕਾਬਲੇ ਕਰਵਾਏ ਗਏ। ਇਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵੱਖ-ਵੱਖ ਨਾਚ ਸਮੂਹਾਂ ਵੱਲੋਂ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਨਾਰਥ ਜ਼ੋਨ ਕਲਚਰ ਸੈਂਟਰ ਦੇ ਕਲਾਕਾਰਾਂ ਅਤੇ ਸਕੂਲਾਂ ਤੇ ਕਾਲਜਾਂ ਦੇ ਹੋਰ ਸਥਾਨਕ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਰੋਜ਼ ਪ੍ਰਿੰਸ ਅਤੇ ਰੋਜ਼ ਪ੍ਰਿੰਸੈੱਸ ਮੁਕਾਬਲੇ ਦੌਰਾਨ ਆਈਏਐੱਸ ਪ੍ਰੇਰਨਾ ਪੁਰੀ ਸਕੱਤਰ ਹਾਸਪਿਟੈਲਿਟੀ ਇੰਜਨੀਅਰਿੰਗ ਯੂਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਰੋਜ਼ ਪ੍ਰਿੰਸ ਮੁਕਾਬਲਿਆਂ ਵਿੱਚ 1 ਤੋਂ 1.5 ਸਾਲ ਉਮਰ ਵਰਗ ਵਿੱਚ ਆਯਾਂਸ਼ ਸਿੰਘ, 1.5 ਤੋਂ 2 ਸਾਲ ਵਿੱਚ ਪ੍ਰਭੇਕ ਤੇ 2 ਤੋਂ 3 ਸਾਲ ਉਮਰ ਵਰਗ ਵਿੱਚ ਦਿਲਸ਼ਾਨ ਸਿੰਘ ਜੇਤੂ ਰਹੇ। ਰੋਜ਼ ਪ੍ਰਿੰਸੈੱਸ ਮੁਕਾਬਲਿਆਂ ਵਿੱਚ 1 ਤੋਂ 1.5 ਸਾਲ ਉਮਰ ਵਰਗ ਵਿੱਚ ਅਵਰੀਨ, 1.5 ਤੋਂ 2 ਸਾਲ ਵਰਗ ਵਿੱਚ ਲਾਵਨਿਆ ਵਸ਼ਿਸ਼ਟ ਤੇ 2 ਤੋਂ 3 ਸਾਲ ਵਰਗ ਵਿੱਚ ਵੇਦਾ ਅਰੋੜਾ ਜੇਤੂ ਰਹੀਆਂ।
ਵਜ਼ੀਰ ਚੰਦਰ ‘ਰੋਜ਼ ਕਿੰਗ’ ਤੇ ਪ੍ਰਕਾਸ਼ ਕੌਰ ‘ਰੋਜ਼ ਕੁਈਨ’ ਬਣੇ
ਰੋਜ਼ ਕਿੰਗ ਤੇ ਰੋਜ਼ ਕੁਈਨ ਮੁਕਾਬਲਿਆਂ ਵਿੱਚ ਯੂਟੀ ਚੰਡੀਗੜ੍ਹ ਦੇ ਸਕੱਤਰ ਪ੍ਰਾਹੁਣਚਾਰੀ ਅਨੁਰਾਧਾ ਐੱਸ ਚਗਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰੋਜ਼ ਕਿੰਗ ਮੁਕਾਬਲਿਆਂ ਵਿੱਚ ਡਾ. ਵਜ਼ੀਰ ਚੰਦਰ ਗੁਪਤਾ ਜਦਕਿ ਰੋਜ਼ ਕੁਈਨ ਮੁਕਾਬਲੇ ਵਿੱਚ ਪ੍ਰਕਾਸ਼ ਕੌਰ ਆਹਲੂਵਾਲੀਆ ਜੇਤੂ ਰਹੇ। ਸਰਬੋਤਮ ਜੋੜਾ ਮੁਕਾਬਲੇ ਵਿੱਚ ਡਾ. ਸੁਭਾਸ਼ ਚੰਦਰ ਗੁਪਤਾ ਅਤੇ ਕੁਸੁਮ ਲਤਾ ਗੁਪਤਾ ਪਹਿਲੇ ਸਥਾਨ ਜਦਕਿ ਕਰਨਲ ਸ਼ਸ਼ੀ ਕੁਮਾਰ ਅਤੇ ਰਜਨੀ ਸਲਵਾਨ ਦਾ ਜੋੜਾ ਦੂਜੇ ਸਥਾਨ ’ਤੇ ਰਿਹਾ। ਅੱਜ ਦੂਜੇ ਦਿਨ ਦੇ ਜੇਤੂਆਂ ਨੂੰ ਮੁੱਖ ਸਕੱਤਰ ਰਾਜੀਵ ਵਰਮਾ ਆਈਏਐੱਸ ਭਲਕੇ 23 ਫਰਵਰੀ ਨੂੰ ਦੁਪਹਿਰ 3 ਵਜੇ ਨਿਗਮ ਦੇ ਮੇਅਰ ਹਰਪ੍ਰੀਤ ਕੌਰ ਬਬਲਾ, ਕਮਿਸ਼ਨਰ ਅਮਿਤ ਕੁਮਾਰ ਆਈਏਐੱਸ ਦੀ ਮੌਜੂਦਗੀ ਵਿੱਚ ਇਨਾਮ ਵੰਡਣਗੇ।