ਚੰਡੀਗੜ੍ਹ ਨੂੰ ਮਿਲਣਗੀਆਂ 25 ਨਵੀਂਆਂ ਇਲੈਕਟ੍ਰਿਕ ਬੱਸਾਂ
‘ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ’ ਤਹਿਤ ਸ਼ਹਿਰ ਨੂੰ ਸਭ ਤੋਂ ਪਹਿਲਾਂ ਮਿਲਣਗੀਆਂ ਇਲੈਕਟ੍ਰਿਕ ਬੱਸਾਂ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਸ਼ਹਿਰ ਦੀਆਂ ਡੀਜ਼ਲ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕਰਨ ਲਈ ਕੀਤੀ ਪਹਿਲਕਦਮੀ ਸਦਕਾ ਕੇਂਦਰ ਸਰਕਾਰ ਵੱਲੋਂ ‘ਪ੍ਰਧਾਨ ਮੰਤਰੀ ਈ-ਬੱਸ ਸੇਵਾ’ ਯੋਜਨਾ ਤਹਿਤ ਚੰਡੀਗੜ੍ਹ ਨੂੰ 100 ਹੋਰ ਇਲੈਕਟ੍ਰਿਕ ਬੱਸਾਂ ਦੇਣ ਦੀ ਸਹਿਮਤੀ ਦਿੱਤੀ ਗਈ ਸੀ ਜਿਨ੍ਹਾਂ ਵਿੱਚੋਂ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ 25 ਨਵੀਂਆਂ ਇਲੈਕਟ੍ਰਿਕ ਬੱਸਾਂ ਚੰਡੀਗੜ੍ਹ ਨੂੰ ਮਿਲ ਜਾਣਗੀਆਂ। ਜਨਵਰੀ ਦੇ ਅਖੀਰ ਤੱਕ 25 ਹੋਰ ਬੱਸਾਂ ਅਤੇ ਫਰਵਰੀ ਵਿੱਚ 50 ਹੋਰ ਇਲੈਕਟ੍ਰਿਕ ਬੱਸਾਂ ਚੰਡੀਗੜ੍ਹ ਪਹੁੰਚ ਜਾਣਗੀਆਂ।
ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੈ, ਜਿੱਥੇ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ ਇਲੈਕਟ੍ਰਿਕ ਬੱਸਾਂ ਪੁੱਜ ਰਹੀਆਂ ਹਨ, ਬਾਕੀ ਸ਼ਹਿਰਾਂ ਵਿੱਚ ਚੰਡੀਗੜ੍ਹ ਤੋਂ ਬਾਅਦ ਬੱਸਾਂ ਪਹੁੰਚਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰੀ ਘਰੇਲੂ ਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ ਪਿਛਲੇ ਦਿਨੀਂ ਚੰਡੀਗੜ੍ਹ ਨੂੰ ਦਿੱਤੀ ਜਾਣ ਵਾਲੀ ਇਲੈਕਟ੍ਰਿਕ ਬੱਸ ਦਾ ਨਿਰੀਖਣ ਕਰ ਲਿਆ ਹੈ। ਕੇਂਦਰੀ ਮੰਤਰਾਲੇ ਵੱਲੋਂ ਹਰੀ ਝੰਡੀ ਮਿਲਦਿਆਂ ਹੀ ਚੰਡੀਗੜ੍ਹ ਵਿੱਚ 25 ਨਵੀਂਆਂ ਬੱਸਾਂ ਪਹੁੰਚ ਜਾਣਗੀਆਂ। ਇਸ ਤੋਂ ਬਾਅਦ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਵੱਲੋਂ ਲੰਬੇ ਰੂਟਾਂ ’ਤੇ ਵੀ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਨੇ ਸਾਲ 2010 ਵਿੱਚ 100 ਡੀਜ਼ਲ ਬੱਸਾਂ ਖਰੀਦੀਆਂ ਸਨ, ਜਿਨ੍ਹਾਂ ਵਿੱਚੋਂ 15 ਸਾਲ ਮਿਆਦ ਪੂਰੀ ਕਰ ਚੁੱਕੀਆਂ 85 ਡੀਜ਼ਲ ਬੱਸਾਂ ਨੂੰ 19 ਨਵੰਬਰ ਨੂੰ ਕੰਡਮ ਕਰ ਦਿੱਤਾ ਸੀ। ਇਸੇ ਤਰ੍ਹਾਂ ਰਹਿੰਦੀ 15 ਬੱਸਾਂ ਨੂੰ ਫਰਵਰੀ ਮਹੀਨੇ ਵਿੱਚ ਕੰਡਮ ਕਰ ਦਿੱਤਾ ਜਾਵੇਗਾ। ਗੌਰਤਲਬ ਹੈ ਕਿ ਚੰਡੀਗੜ੍ਹ ਵਿੱਚ ਪਹਿਲਾਂ ਵੀ ਟਰਾਈਸਿਟੀ ਵਿਚਲੇ ਰੂਟਾਂ ’ਤੇ 80 ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ।
ਵਾਤਾਵਰਨ ਪ੍ਰਦੂਸ਼ਣ ਘਟਾਉਣ ’ਚ ਮਿਲੇਗੀ ਮਦਦ
ਕੇਂਦਰ ਸਰਕਾਰ ਵੱਲੋਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚੋਂ ਡੀਜ਼ਲ ਬੱਸਾਂ ਨੂੂੰ ਖਤਮ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਸਦਕਾ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ 328 ਹੋਰ ਇਲੈਕਟ੍ਰਿਕ ਬੱਸਾਂ ਦੇਣ ਲਈ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਨੂੰ ਦਿੱਤੀਆਂ ਜਾਣਗੀਆਂ। ਇੰਜ ਚੰਡੀਗੜ੍ਹ ਵਿੱਚ ਸਾਰੀਆਂ 428 ਬੱਸਾਂ ਇਲੈਕਟ੍ਰਿਕ ਹੋ ਜਾਣਗੀਆਂ। ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸਾਂ ਦੇ ਇਲੈਕਟ੍ਰਿਕ ਹੋਣ ਨਾਲ ਵਾਤਾਵਰਨ ਪ੍ਰਦੂਸ਼ਣ ਨੂੰ ਬਚਾਇਆ ਜਾ ਸਕੇਗਾ। ਇਸ ਦੇ ਨਾਲ ਹੀ ਡੀਜ਼ਲ ਨਾਲੋਂ ਇਲੈਕਟ੍ਰਿਕ ਬੱਸਾਂ ਸਸਤੀਆਂ ਵੀ ਪੈਣਗੀਆਂ।

