DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਡੀਗੜ੍ਹ: ਦੁਕਾਨਾਂ, ਰੈਸਟੋਰੈਂਟ, ਕਲੱਬ ਤੇ ਵਪਾਰਕ ਅਦਾਰੇ 7 ਵਜੇ ਹੋਏ ਬੰਦ

ਪ੍ਰਸ਼ਾਸਨ ਵੱਲੋਂ ਰਾਤ ਸਮੇਂ ਸੀਸੀਟੀਵੀ ਕੈਮਰਿਆਂ ਤੇ ਇਸ਼ਤਾਹਰੀ ਬੋਰਡਾਂ ਦੀਆਂ ਲਾਈਟਾਂ ਬੰਦ ਕਰਨ ਦੇ ਆਦੇਸ਼; ਮੈਡੀਕਲ ਸਟੋਰਾਂ ਨੂੰ ਛੋਟ; ਸ਼ਹਿਰ ’ਚ 7 ਜੁਲਾਈ ਤੱਕ ਪਟਾਕੇ ਚਲਾਉਣ ’ਤੇ ਪਾਬੰਦੀ; ਯੂਟੀ ਮੁਲਾਜ਼ਮਾਂ ਨੂੰ ਸ਼ਹਿਰ ’ਚ ਰਹਿਣ ਦੇ ਹੁਕਮ
  • fb
  • twitter
  • whatsapp
  • whatsapp
featured-img featured-img
ਸੈਕਟਰ 15 ਦੀ ਮਾਰਕੀਟ ’ਚ ਸ਼ਾਮ ਸੱਤ ਵਜੇ ਤੋਂ ਬਾਅਦ ਬੰਦ ਪਈਆਂ ਦੁਕਾਨਾਂ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 9 ਮਈ

Advertisement

ਯੂਟੀ ਪ੍ਰਸ਼ਾਸਨ ਨੇ ਭਾਰਤ-ਪਾਕਿਸਤਾਨ ਦੇ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿਗੜ ਰਹੇ ਹਾਲਾਤ ਤੋਂ ਬਾਅਦ ਪਾਕਿਸਤਾਨ ਵੱਲੋਂ ਕਿਸੇ ਕਿਸਮ ਦੇ ਡਰੋਨ ਹਮਲਿਆਂ ਦੇ ਡਰ ਸ਼ਹਿਰ ਦੀਆਂ ਦੁਕਾਨਾਂ, ਰੈਟਸੋਟਰੈਂਟ, ਕਲੱਬ ਤੇ ਹੋਰ ਵਪਾਰਕ ਅਦਾਰੇ 9 ਮਈ ਨੂੰ ਸ਼ਾਮ 7 ਵਜੇ ਤੋਂ 10 ਮਈ ਸਵੇਰੇ 6 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਹ ਆਦੇਸ਼ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਮੈਡੀਕਲ ਸਟੋਰਾਂ ਨੂੰ ਛੱਡ ਕੇ ਸਾਰੇ ਸ਼ਾਪਿੰਗ ਮਾਲ, ਸਿਨੇਮਾਘਰ, ਰੈਸਟੋਰੈਂਟ, ਕਲੱਬ, ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਡੀਸੀ ਨੇ ਸ਼ਹਿਰ ਵਿੱਚ ਸਾਰੀਆਂ ਸਰਕਾਰੀ ਜਾਂ ਨਿੱਜੀ ਇਮਾਰਤਾਂ, ਬੈਂਕਾਂ, ਏਟੀਐਮ, ਖੇਡ ਕੰਪਲੈਕਸਾਂ, ਹੋਟਲਾਂ, ਰੈਸਟੋਰੈਂਟਾਂ, ਧਾਰਮਿਕ ਸਥਾਨਾਂ, ਬਾਜ਼ਾਰਾਂ, ਪਾਰਕਾਂ, ਇਸ਼ਤਿਹਾਰੀ ਬੋਰਡਾਂ, ਪੈਟਰੋਲ ਪੰਪਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਦੇ ਸਾਰੇ ਮਾਲਕ, ਦੇਖਭਾਲ ਕਰਨ ਵਾਲੇ ਜਾਂ ਲਾਇਸੈਂਸ ਲੈਣ ਵਾਲੇ ਅਤੇ ਉਨ੍ਹਾਂ ਦੇ ਕਬਜ਼ੇ ਵਿੱਚ ਜਾਂ ਉਨ੍ਹਾਂ ਦੀ ਨਿਗਰਾਨੀ ਹੇਠ ਸਾਰੀਆਂ ਬਾਹਰੀ ਲਾਈਟਾਂ/ਡਿਸਪਲੇ ਬੋਰਡ, ਸਟਰੀਟ ਲਾਈਟਾਂ ਅੱਜ ਸ਼ਾਮ 7 ਵਜੇ ਤੋਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ 7 ਜੁਲਾਈ ਤੱਕ ਪਟਾਕੇ ਚਲਾਉਣ ’ਤੇ ਵੀ ਪਾਬੰਦੀ ਲਾਈ ਗਈ ਹੈ।

ਡੀਸੀ ਨਿਸ਼ਾਂਤ ਕੁਮਾਰ ਯਾਦਵ ਤੇ ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਵਿੱਚ ਲੋੜ ਪੈਣ ’ਤੇ ਬਲੈਕਆਊਟ ਕੀਤਾ ਜਾਂਦਾ ਹੈ। ਇਸ ਲਈ ਲੋਕਾਂ ਨੂੰ ਚਿਤਾਵਨੀ ਸਾਇਰਨ ਵਜਾ ਕੇ ਚੌਕਸ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਲੈਕਆਊਟ ਦਾ ਐਲਾਨ 5 ਤੋਂ 10 ਮਿੰਟਾਂ ਦੇ ਨੋਟਿਸ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਇਸ ਲਈ ਲੋਕ ਚਿਤਾਵਨੀ ਸਾਇਰਨ ਦੀ ਆਵਾਜ਼ ਸੁਣਦੇ ਹੀ ਆਪਣੇ ਘਰਾਂ ਦੀਆਂ ਲਾਈਟਾਂ ਮੁਕੰਮਲ ਤੌਰ ’ਤੇ ਬੰਦ ਕਰ ਦੇਣ। ਇਸ ਦੌਰਾਨ ਘਰਾਂ ਵਿੱਚ ਇਨਵਰਟਰ ਜਾਂ ਹੋਰ ਕਿਸੇ ਕਿਸਮ ਦੀ ਲਾਈਟ ਵੀ ਬੰਦ ਕਰ ਦਿੱਤੀ ਜਾਵੇ ਤਾਂ ਜੋ ਦੁਸ਼ਮਣ ਨੂੰ ਕਿਸੇ ਦੇ ਟਿਕਾਣੇ ਦਾ ਪਤਾ ਨਾ ਲੱਗ ਸਕੇ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਦੀ ਐਮਰਜੈਂਸੀ ਹੈਲਪਲਾਈਨ 112 ਹਰ ਸਮੇਂ ਚੱਲ ਰਹੀ ਹੈ, ਜਿਸ ’ਤੇ ਕੋਈ ਵੀ ਵਿਅਕਤੀ ਲੋੜ ਪੈਣ ’ਤੇ ਸੰਪਰਕ ਕਰ ਸਕਦਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ ਦੇਸ਼ ਦੀ ਕੌਮੀ ਸਰਹੱਦ ’ਤੇ ਲਗਾਤਾਰ ਵਿਗੜ ਰਹੇ ਹਾਲਾਤਾਂ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨਾਲ ਸਬੰਧਤ ਸਾਰੇ ਵਿਭਾਗਾਂ, ਬੋਰਡਾਂ ਤੇ ਕਾਰਪੋਰੇਸ਼ਨਾਂ ਆਦਿ ਦੇ ਕਰਮਚਾਰੀਆਂ ਨੂੰ ਚੰਡੀਗੜ੍ਹ ਵਿੱਚ ਹੀ ਆਪਣੇ ਹੈੱਡਕੁਆਰਟਰ ਤੇ ਸਟੇਸ਼ਨ ’ਤੇ ਰਹਿਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਕਰਮਚਾਰੀ ਅਗਲੇ ਆਦੇਸ਼ ਤੱਕ ਆਪਣੇ ਹੈੱਡਕੁਆਰਟਰ ਤੇ ਸਟੇਸ਼ਨ ਨੂੰ ਨਹੀਂ ਛੱਡ ਸਕਦਾ ਹੈ। ਇਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਨੇ ਮੁਲਾਜ਼ਮਾਂ ਦੀਆਂ ਪਹਿਲਾਂ ਮਨਜ਼ੂਰ ਕੀਤੀਆਂ ਗਈਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ।

ਚੰਡੀਗੜ੍ਹ ਵਿੱਚ ਦਿਨ ਸਮੇਂ ਵੀ ਵੱਜਿਆ ਸਾਇਰਨ

ਚੰਡੀਗੜ੍ਹ ਪ੍ਰਸ਼ਾਸਨ ਨੇ ਵੀਰਵਾਰ ਰਾਤ ਨੂੰ ਹਵਾਈ ਹਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਘੰਟਿਆਂ ਲਈ ਬਲੈਕਆਊਟ ਕੀਤਾ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਲਗਪਗ 9.30 ਵਜੇ ਇਕ ਵਾਰ ਮੁੜ ਤੋਂ ਹਵਾਈ ਹਮਲੇ ਦੀ ਚਿਤਾਵਨੀ ਦਿੱਤੀ ਗਈ ਸੀ। ਇਸ ਦੌਰਾਨ ਯੂਟੀ ਪ੍ਰਸ਼ਾਸਨ ਨੇ ਚਿਤਾਵਨੀ ਵਜਾ ਕੇ ਇਸ਼ਾਰਾ ਕਰਦਿਆਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਸਨ। ਡੀਸੀ ਨਿਸ਼ਾਂਤ ਕੁਮਾਰ ਯਾਦਵ ਤੇ ਐੱਸਐੱਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਚਿਤਾਵਨੀ ਸਾਇਰਨ ਵੱਜਣ ਦੌਰਾਨ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ।

ਹਰਿਆਣਾ ਐੱਮਐੱਲਏ ਹੋਸਟਲ ’ਚ ਬੰਬ ਦੀ ਸੂਚਨਾ ਝੂਠੀ ਨਿਕਲੀ

ਚੰਡੀਗੜ੍ਹ (ਟਨਸ): ਚੰਡੀਗੜ੍ਹ ਦੇ ਸੈਕਟਰ-3 ਵਿੱਚ ਸਥਿਤ ਹਰਿਆਣਾ ਐੱਮਐੱਲਏ ਹੋਸਟਲ ਵਿੱਚ ਬੰਬ ਮਿਲਣ ਦੀ ਸੂਚਨਾ ਝੂਠੀ ਨਿਕਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਹਰਿਆਣਾ ਐੱਮਐੱਲਏ ਹੋਸਟਲ ਵਿੱਚ ਬੰਬ ਮਿਲਣ ਦੀ ਸੂਚਨਾ ਪਹੁੰਚੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਤੇ ਹੋਰ ਆਫ਼ਤ ਪ੍ਰਬੰਧਨ ਦੀਆਂ ਟੀਮਾਂ ਨੇ ਹੋਸਟਲ ਨੂੰ ਖਾਲੀ ਕਰਵਾ ਕੇ ਜਾਇਜ਼ਾ ਲਿਆ ਤਾਂ ਕੁਝ ਵੀ ਨਹੀਂ ਮਿਲਿਆ ਹੈ।

ਯੂਟੀ ਦੇ ਕੋਚਿੰਗ ਸੰਸਥਾਵਾਂ ਵਿੱਚ ਜਮਾਤਾਂ ਨਾ ਲਾਉਣ ਦੇ ਹੁਕਮ

ਚੰਡੀਗੜ੍ਹ (ਸੁਖਵਿੰਦਰ ਪਾਲ ਸੋਢੀ): ਡਾਇਰੈਕਟਰ ਹਾਇਰ ਐਜੂਕੇਸ਼ਨ ਤੇ ਸਕੂਲ ਐਜੂਕੇਸ਼ਨ ਨੇ ਚੰਡੀਗੜ੍ਹ ਵਿਚ ਕੋਚਿੰਗ ਸੰਸਥਾਨਾਂ ਨੂੰ ਵੀ 11 ਮਈ ਤੱਕ ਆਪਣੀਆਂ ਕਲਾਸਾਂ ਮੁਲਤਵੀ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਜੰਗ ਦੇ ਖਤਰੇ ਦੇ ਮੱਦੇਨਜ਼ਰ ਸੰਸਥਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਤੇ ਸਟਾਫ਼ ਦੀ ਸਲਾਮਤੀ ਦੇ ਮੱਦੇਨਜ਼ਰ ਕੋਚਿੰਗ ਇਸਟੀਚਿਊਟ ਵਿਚ 11 ਮਈ ਤਕ ਜਮਾਤਾਂ ਨਾ ਲਾਉਣ ਤੇ ਇਸ ਸਬੰਧੀ ਵਿਦਿਆਰਥੀਆਂ ਨੂੰ ਸੂਚਿਤ ਕਰਨ। ਬਰਾੜ ਨੇ ਦੱਸਿਆ ਕਿ 11 ਮਈ ਨੂੰ ਨਜ਼ਰਸਾਨੀ ਕੀਤੀ ਜਾਵੇਗੀ, ਜਿਸ ਮਗਰੋਂ ਜਮਾਤਾਂ ਲਾਉਣ ਜਾਂ ਮੁਲਤਵੀ ਕਰਨ ਬਾਰੇ ਅਗਲੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।

ਮੁਹਾਲੀ ’ਚ ਸਿਨੇਮਾ ਹਾਲ, ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰੱਖਣ ਦੇ ਹੁਕਮ

ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਮੁਹਾਲੀ ਜ਼ਿਲ੍ਹੇ ਦੇ ਸਮੂਹ ਸਿਨੇਮਾ ਹਾਲਾਂ ਅਤੇ ਸ਼ਾਪਿੰਗ ਮਾਲਾਂ ਵਿੱਚ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਮੁਹਾਲੀ ਜ਼ਿਲ੍ਹੇ ਵਿੱਚ ਸਿਨੇਮਾ ਹਾਲ, ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਹ ਹੁਕਮ 9 ਮਈ ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਬਲੈਕਆਊਟ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਸ਼ਾਮ ਨੂੰ ਪਟਾਕਿਆਂ ਅਤੇ ਲੰਮੀ ਬੀਮ ਲੇਜ਼ਰ/ਡੀਜੇ ਲਾਈਟਾਂ ਦੀ ਵਰਤੋਂ ’ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਅਗਲੇ ਹੁਕਮਾਂ ਤੱਕ ਜ਼ਿਲ੍ਹਾ ਮੁਹਾਲੀ ਵਿੱਚ ਅਚਾਨਕ ਬਲੈਕ-ਆਊਟ (ਪ੍ਰਸ਼ਾਸਨ ਵੱਲੋਂ ਅਗਾਊਂ ਸੂਚਨਾ ਦੇਣ ਦੀ ਸੂਰਤ ਵਿੱਚ) ਹੋਣ ਦੀ ਸਥਿਤੀ ’ਚ ਇਨਵਰਟਰ, ਜਨਰੇਟਰ ਤੇ ਬਾਹਰੀ ਲਾਈਟਾਂ, ਬਿੱਲ ਬੋਰਡ, ਸਟਰੀਟ ਲਾਈਟਾਂ ਆਦਿ ਲਈ ਵਰਤੇ ਜਾਣ ਤੇ ਡਰੋਨ ਤੇ ਯੂਏਵੀ ਉਡਾਉਣ ’ਤੇ ਵੀ ਪਾਬੰਦੀ ਲਾਈ ਗਈ ਹੈ।

ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ’ਤੇ ਪਾਬੰਦੀ

ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਜ਼ਿਲ੍ਹੇ ਵਿਚ ਜ਼ਰੂਰੀ ਵਸਤੂਆਂ ਦੀ ਸੁਚਾਰੂ ਤੇ ਸਰਲ ਉਪਲਬਧਤਾ ਬਰਕਰਾਰ ਰੱਖਣ ਲਈ ਜ਼ਰੂਰੀ ਵਸਤੂਆਂ ਦੇ ਭੰਡਾਰਨ ’ਤੇ ਜਮ੍ਹਾਂਖੋਰੀ ’ਤੇ ਪਾਬੰਦੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਜ਼ਰੂਰੀ ਵਸਤੂਆਂ ਐਕਟ 1955 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਐਕਟ, 2023 ਦੀ ਧਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਅਨੁਸਾਰ ਅਨਾਜ ਸਮੇਤ ਖਾਣ-ਪੀਣ ਦੀਆਂ ਹੋਰ ਵਸਤੂਆਂ, ਚਾਰਾ, ਦੁੱਧ ਤੇ ਡੇਅਰੀ ਉਤਪਾਦਾਂ, ਪੈਟਰੋਲ, ਡੀਜ਼ਲ ਅਤੇ ਰੋਜ਼ਾਨਾ ਲੋੜ ਦੀ ਹੋਰ ਜ਼ਰੂਰੀ ਵਸਤੂਆਂ ਦੇ ਬੇਲੋੜੇ ਭੰਡਾਰਨ ਨੂੰ ਰੋਕਣ ਲਈ ਇਹ ਆਦੇਸ਼ ਜਾਰੀ ਕੀਤੇ ਹਨ।

Advertisement
×