ਪੰਜਾਬ ’ਵਰਸਿਟੀ ਵਿੱਚ ਸਾਇੰਸ ਕਾਂਗਰਸ ਦਾ ਆਗਾਜ਼
ਪੰਜਾਬ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ 18ਵੀਂ ਚੰਡੀਗੜ੍ਹ ਸਾਇੰਸ ਕਾਂਗਰਸ (ਚੈਸਕੌਨ-2025) ਦਾ ਅੱਜ ਆਗਾਜ਼ ਹੋ ਗਿਆ। ਕਾਂਗਰਸ ਦੇ ਭਾਰਤ ਸਰਕਾਰ ਦੇ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ (ਏ ਐੱਸ ਆਰ ਬੀ) ਦੇ ਚੇਅਰਮੈਨ ਡਾ. ਸੰਜੇ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਟੈਲੀਕੌਮ...
ਪੰਜਾਬ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ 18ਵੀਂ ਚੰਡੀਗੜ੍ਹ ਸਾਇੰਸ ਕਾਂਗਰਸ (ਚੈਸਕੌਨ-2025) ਦਾ ਅੱਜ ਆਗਾਜ਼ ਹੋ ਗਿਆ। ਕਾਂਗਰਸ ਦੇ ਭਾਰਤ ਸਰਕਾਰ ਦੇ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ (ਏ ਐੱਸ ਆਰ ਬੀ) ਦੇ ਚੇਅਰਮੈਨ ਡਾ. ਸੰਜੇ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਟੈਲੀਕੌਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਮੈਂਬਰ ਆਰ ਆਰ ਮਿੱਤਰ ਮੁੱਖ ਬੁਲਾਰੇ ਵਜੋਂ ਅਤੇ ਗਿਲਾਰਡ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਸਿੰਘ ਸੇਠੀ ਨੇ ਵੀ ਸ਼ਿਰਕਤ ਕੀਤੀ। ਸੰਮੇਲਨ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਵੱਲੋਂ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਉਨ੍ਹਾਂ ਨੇ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਅਤੇ ਵਿਹਾਰਕ ਉਪਯੋਗ ਵਿਚਕਾਰ ਪਾੜੇ ਨੂੰ ਪੂਰਾ ਕਰਨ ਦੀ ਅਪੀਲ ਕੀਤੀ। ਪ੍ਰੋਗਰਾਮ ਦਾ ਵਿਸ਼ਾ ‘ਮਨੁੱਖਤਾ ਨੂੰ ਸਮਰੱਥ ਬਣਾਉਣਾ, ਵਿਗਿਆਨ, ਤਕਨਾਲੋਜੀ ਅਤੇ ਸਾਰਿਆਂ ਦੀ ਸਿਹਤ ਸੰਭਾਲ’ ਸਬੰਧੀ ਰੱਖਿਆ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵਿਗਿਆਨ ਅਤੇ ਤਕਨਾਲੋਜੀ ਸਮੂਹਿਕ ਤੌਰ ’ਤੇ ਮਨੁੱਖੀ ਭਲਾਈ ਅਤੇ ਕੌਮੀ ਤਰੱਕੀ ਨੂੰ ਕਿਵੇਂ ਅੱਗੇ ਵਧਾ ਸਕਦੇ ਹਨ।
ਚੰਡੀਗੜ੍ਹ ਖੇਤਰ ਦੇ ਵੱਖ-ਵੱਖ ਸੰਸਥਾਵਾਂ ਅਤੇ ਪੀਯੂ ਦੇ ਵਿਭਾਗਾਂ ਦੀਆਂ ਖੋਜ ਗਤੀਵਿਧੀਆਂ ਦੀ ਇੱਕ ਪ੍ਰਦਰਸ਼ਨੀ ਵੀ ਲਾਅ ਆਡੀਟੋਰੀਅਮ ਗਰਾਊਂਡ ਵਿੱਚ ਸ਼ੁਰੂ ਹੋਈ। ਵੱਖ-ਵੱਖ ਵਿਗਿਆਨੀਆਂ ਦੇ ਖੋਜ ਕਾਰਜਾਂ ਨੂੰ ਸ਼ਾਮਲ ਕਰਨ ਵਾਲੀ ਇੱਕ ਸੋਵੀਨਰ ਤੇ ਐਬਸਟਰੈਕਟ ਕਿਤਾਬ ਵੀ ਜਾਰੀ ਕੀਤੀ ਗਈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਸੰਜੇ ਕੁਮਾਰ ਨੇ ਉਨ੍ਹਾਂ ਵਸਤਾਂ ਦੇ ਸਵਦੇਸ਼ੀ ਉਤਪਾਦਨ ਦੀ ਲੋੜ ’ਤੇ ਜ਼ੋਰ ਦਿੱਤਾ ਜੋ ਦੇਸ਼ ਦੇ ਅੰਦਰ ਤਿਆਰ ਕੀਤੀਆਂ ਜਾ ਸਕਦੀਆਂ ਹਨ ਪਰ ਅਜੇ ਵੀ ਦਰਾਮਦ ਕੀਤੀਆਂ ਜਾ ਰਹੀਆਂ ਹਨ। ਪੀ ਯੂ ਦੇ ਸਾਬਕਾ ਵਿਦਿਆਰਥੀ ਆਰ.ਆਰ. ਮਿੱਤਰ ਨੇ ਡਿਜੀਟਲ ਸਮਾਵੇਸ਼, ਸਿੱਖਿਆ ਅਤੇ ਸਿਹਤ ਸੰਭਾਲ ਨਵੀਨਤਾ ’ਤੇ ਗੱਲ ਕੀਤੀ। ਉਦਯੋਗਪਤੀ ਸੰਜੀਵ ਸਿੰਘ ਸੇਠੀ ਨੇ ਨਵੀਨਤਾ ਅਤੇ ਕੌਮੀ ਵਿਕਾਸ ਦੇ ਆਧਾਰ ਵਜੋਂ ਉਦਯੋਗ-ਅਕਾਦਮਿਕ ਸਹਿਯੋਗ ਦੀ ਮਹੱਤਤਾ ’ਤੇ ਇੱਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਚੈਸਕੌਨ-2025 ਦਾ ਉਦਘਾਟਨੀ ਸਮਾਰੋਹ ਪੀ ਯੂ ਦੇ ਖੋਜ ਅਤੇ ਵਿਕਾਸ ਸੈੱਲ ਦੇ ਡਾਇਰੈਕਟਰ ਪ੍ਰੋ. ਮੀਨਾਕਸ਼ੀ ਗੋਇਲ ਦੇ ਧੰਨਵਾਦੀ ਮਤੇ ਨਾਲ ਸਮਾਪਤ ਹੋਇਆ।

